ਸ਼ੇਫਾਲੀ ਵਰਮਾ ਨੇ ਅੱਜ ਦੇ ਦਿਨ ਹੀ ਤੋੜਿਆ ਸੀ ਸਚਿਨ ਦਾ 30 ਸਾਲ ਪੁਰਾਣਾ ਰਿਕਾਰਡ, ਖੇਡੀ ਸੀ 73 ਦੌੜਾਂ ਦੀ ਪਾਰੀ
Monday, Nov 09, 2020 - 05:10 PM (IST)
ਨਵੀਂ ਦਿੱਲੀ- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਰਹਿਣ ਵਾਲੀ ਭਾਰਤੀ ਕ੍ਰਿਕਟਰ ਸ਼ੇਫਾਲੀ ਵਰਮਾ ਨੇ ਇਕ ਸਾਲ ਪਹਿਲਾਂ ਅੱਜ ਦੇ ਦਿਨ ਹੀ (9 ਨਵੰਬਰ, 2019) ਅੰਤਰਰਾਸ਼ਟਰੀ ਕ੍ਰਿਕਟ 'ਚ ਅਰਧ ਸੈਂਕੜਾ ਲਗਾ ਕੇ ਵੱਡਾ ਰਿਕਾਰਡ ਆਪਣੇ ਨਾਂ ਦਰਜ ਕੀਤਾ ਸੀ। ਸ਼ੇਫਾਲੀ ਅੰਤਰਰਾਸ਼ਟਰੀ ਕ੍ਰਿਕਟ 'ਚ ਅਰਧ ਸੈਂਕੜਾ ਲਗਾਉਣ ਵਾਲੀ ਸਭ ਤੋਂ ਨੌਜਵਾਨ ਭਾਰਤੀ ਬਣੀ ਸੀ ਅਤੇ ਉਸ ਨੇ ਸਚਿਨ ਤੇਂਦੁਲਕਰ ਦਾ 30 ਸਾਲ ਪੁਰਾਣਾ ਰਿਕਾਰਡ ਤੋੜਿਆ ਸੀ।
ਸ਼ੇਫਾਲੀ ਨੇ ਵੈਸਟਇੰਡੀਜ਼ ਖਿਲਾਫ ਡੈਰਨ ਸੈਮੀ ਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਟੀ-20 ਮੈਚ ਦੌਰਾਨ ਸਮ੍ਰਿਤੀ ਮੰਧਾਨਾ ਨਾਲ ਓਪਨਿੰਗ ਕਰਦੇ ਹੋਏ 143 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਸ ਦੌਰਾਨ ਸ਼ੇਫਾਲੀ 49 ਗੇਂਦਾਂ 'ਤੇ 73 ਦੌੜਾਂ ਦੀ ਪਾਰੀ ਖੇਡਦੇਹੋਏ ਪਲੇਅਰ ਆਫ ਦਿ ਮੈਚ ਬਣੀ ਸੀ। ਇਹ ਭਾਰਤ ਦੀਆਂ ਮਹਿਲਾਵਾਂ ਲਈ ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਸੀ। ਸ਼ੇਫਾਲੀ ਨੇ ਜਦੋਂ ਇਹ ਰਿਕਾਰਡ ਬਣਾਇਆ ਸੀ ਤਾਂ ਉਸ ਦੀ ਉਮਰ 15 ਸਾਲ ਅਤੇ 285 ਦਿਨਾਂ ਦੀ ਸੀ। ਉਥੇ ਹੀ ਸਚਿਨ ਨੇ ਆਪਣਾ ਪਹਿਲਾ ਅਰਧ ਸੈਂਕੜਾ 16 ਸਾਲ ਅਤੇ 214 ਦਿਨਾਂ ਦੀ ਉਮਰ 'ਚ ਲਗਾਇਆ ਸੀ।
ਜ਼ਿਕਰਯੋਗ ਹੈ ਕਿ 16 ਸਾਲ ਦੀ ਸ਼ੇਫਾਲੀ ਨੇ 19 ਟੀ-20 ਇੰਟਰਨੈਸਨ ਮੈਚ ਖੇਡੇ ਹਨ ਅਤੇ ਇਸ ਦੌਰਾਨ ਉਸ ਨੇ 27.1 ਦੀ ਔਸਤ ਅਤੇ 146.24 ਦੀ ਸਟ੍ਰਾਈਕ ਰੇਟ ਨਾਲ 487 ਦੌੜਾਂ ਬਣਾਈਆਂ ਜਿਸ ਵਿਚ 2 ਅਰਧ ਸੈਂਕੜੇ ਵੀ ਸ਼ਾਮਲ ਹਨ। ਟੀ-20 'ਚ ਸ਼ੇਫਾਲੀ ਦੀਆਂ ਸਭ ਤੋਂ ਜ਼ਿਆਦਾ ਦੌੜਾਂ 73 ਰਹੀਆਂ ਹਨ।