ਓਲੰਪਿਕ ਨੂੰ 1-2 ਸਾਲ ਲਈ ਮੁਲਤਵੀ ਕੀਤਾ ਜਾ ਸਕਦਾ ਹੈ : ਪ੍ਰਬੰਧਕ ਕਮੇਟੀ
Wednesday, Mar 11, 2020 - 08:03 PM (IST)
ਮਾਸਕੋ— ਦੁਨੀਆ ਭਰ 'ਚ ਫੈਲੇ ਕੋਰੋਨਾਵਾਇਰਸ ਨਾਲ ਟੋਕੀਓ ਓਲੰਪਿਕ 'ਤੇ ਮੰਡਰਾ ਰਹੇ ਸੰਕਟ 'ਚ ਜਾਪਾਨ ਪ੍ਰਬੰਧਕ ਕਮੇਟੀ ਦੇ ਬੋਰਡ ਮੈਂਬਰ ਹਾਰੁਯੁਕੀ ਤਾਕਾਹਾਸ਼ੀ ਨੇ ਕਿਹਾ ਕਿ ਇਸ ਸਾਲ ਟੋਕੀਓ 'ਚ ਹੋਣ ਵਾਲੇ ਓਲੰਪਿਕ ਇਕ-ਦੋ ਸਾਲ ਲਈ ਮੁਲਤਵੀ ਕੀਤਾ ਜਾ ਸਕਦਾ ਹੈ। ਤਾਕਾਹਾਸ਼ੀ ਨੇ ਵਾਲ ਸਟ੍ਰੀਟ ਜਰਨਲ ਨੂੰ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਓਲੰਪਿਕ ਖੇਡਾਂ ਨੂੰ ਰੱਦ ਕੀਤਾ ਜਾਵੇਗਾ ਪਰ ਇਸ ਨੂੰ ਮੁਲਤਵੀ ਜ਼ਰੂਰ ਕੀਤਾ ਜਾ ਸਕਦਾ ਹੈ। ਜੇਕਰ ਇਸ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਇਸ ਨਾਲ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੂੰ ਬਹੁਤ ਨੁਕਸਾਨ ਹੋਵੇਗਾ ਕਿਉਂਕਿ ਅਮਰੀਕੀ ਟੀ. ਵੀ. ਅਧਿਕਾਰੀ ਤੋਂ ਹੀ ਆਈ. ਓ. ਸੀ. ਨੂੰ ਵੱਡੀ ਰਕਮ ਮਿਲਦੀ ਹੈ।
ਉਨ੍ਹਾਂ ਨੇ ਕਿਹਾ ਕਿ 2021 'ਚ ਜ਼ਿਆਦਾਤਰ ਖੇਡਾਂ ਦੇ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਹਨ, ਅਜਿਹੇ 'ਚ ਟੋਕੀਓ ਓਲੰਪਿਕ ਨੂੰ 2 ਸਾਲ ਦੇ ਲਈ ਮੁਲਤਵੀ ਕਰਨਾ ਸਭ ਤੋਂ ਆਸਾਨ ਤਰੀਕਾ ਹੋਵੇਗਾ। ਜ਼ਿਕਰਯੋਗ ਹੈ ਕਿ ਚੀਨ ਸਮੇਤ ਦੁਨੀਆ ਭਰ ਦੇ 104 ਦੇਸ਼ਾਂ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਇਸ ਨਾਲ ਹੁਣ ਤਕ ਵਿਸ਼ਵ ਭਰ 'ਚ ਕੁੱਲ 4270 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,18,129 ਲੋਕ ਇਸ ਨਾਲ ਪੀੜਤ ਹਨ।