ਓਲੰਪਿਕ ’ਚ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹੋਣਗੇ ਮਨਪ੍ਰੀਤ, ਲਾਕੜਾ ਅਤੇ ਹਰਮਨਪ੍ਰੀਤ ਉਪ-ਕਪਤਾਨ

Tuesday, Jun 22, 2021 - 05:55 PM (IST)

ਨਵੀਂ ਦਿੱਲੀ (ਭਾਸ਼ਾ) : ਮਿਡਫੀਲਡਰ ਮਨਪ੍ਰੀਤ ਸਿੰਘ ਟੋਕੀਓ ਓਲੰਪਿਕ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹੋਣਗੇ, ਜਦੋਂ ਕਿ ਡਿਫੈਂਡਰ ਵਰਿੰਦਰ ਲਾਕੜਾ ਅਤੇ ਹਮਰਨਪ੍ਰੀਤ ਸਿੰਘ ਉਪ-ਕਪਤਾਨ ਹੋਣਗੇ। ਭਾਰਤ ਨੇ ਪਿਛਲੇ ਹਫ਼ਤੇ 16 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ ਪਰ ਕਪਤਾਨ ਦੇ ਨਾਮ ਦੀ ਘੋਸ਼ਣਾ ਨਹੀਂ ਕੀਤੀ ਸੀ।

ਮਨਪ੍ਰੀਤ ਨੇ ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਵਿਚ ਕਿਹਾ, ‘ਮੈਨੂੰ ਖ਼ੁਸ਼ੀ ਹੈ ਕਿ ਓਲੰਪਿਕ ਵਿਚ ਤੀਜੀ ਵਾਰ ਭਾਰਤ ਲਈ ਖੇਡਣ ਦਾ ਮੌਕਾ ਮਿਲ ਰਿਹਾ ਹੈ ਅਤੇ ਇਸ ਵਾਰ ਕਪਤਾਨ ਦੇ ਤੌਰ ’ਤੇ। ਮੇਰੇ ਲਈ ਇਹ ਮਾਣ ਦੀ ਗੱਲ ਹੈ।’ ਉਨ੍ਹਾਂ ਕਿਹਾ, ‘ਪਿਛਲੇ ਕੁੱਝ ਸਾਲਾਂ ਵਿਚ ਅਸੀਂ ਮਜ਼ਬੂਤ ਲੀਡਰਸ਼ਿਪ ਤਿਆਰ ਕੀਤੀ ਹੈ ਅਤੇ ਮਹਾਮਾਰੀ ਦੀਆਂ ਚੁਣੌਤੀਆਂ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਹੈ। ਅਸੀਂ ਫਾਰਮ ਅਤੇ ਫਿਟਨੈਸ ਕਾਇਮ ਰੱਖਦੇ ਹੋਏ  ਓਲੰਪਿਕ ਨੂੰ ਧਿਆਨ ਵਿਚ ਰੱਖ ਕੇ ਤਿਆਰੀ ਕੀਤੀ ਹੈ।’

ਮਨਪ੍ਰੀਤ ਦੀ ਕਪਤਾਨੀ ਵਿਚ ਭਾਰਤ ਨੇ ਏਸ਼ੀਆ ਕੱਪ 2017, ਏਸ਼ੀਆਈ ਚੈਂਪੀਅਨਜ਼ ਟਰਾਫੀ 2018 ਅਤੇ ਐਫ.ਆਈ.ਐਚ. ਸੀਰੀਜ. ਫਾਈਨਲ 2019 ਜਿੱਤੀ ਹੈ। ਭਾਰਤੀ ਟੀਮ ਭੁਵਨੇਸ਼ਵਰ ਵਿਚ 2018 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਵੀ ਪਹੁੰਚੀ। ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, ‘ਇਹ ਤਿੰਨੇ ਖਿਡਾਰੀ ਟੀਮ ਦੀ ਲੀਡਰਸ਼ਿਪ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਨੇ ਔਖੇ ਸਮੇਂ ਵਿਚ ਨੌਜਵਾਨਾਂ ਦਾ ਮਨੋਬਲ ਬਣਾਈ ਰੱਖਣ ਵਿਚ ਕਾਫ਼ੀ ਪਰਿਪੱਕਤਾ ਦਿਖਾਈ।’

ਉਨ੍ਹਾਂ ਕਿਹਾ, ‘ਇਸ ਚੁਣੌਤੀਪੂਰਨ ਟੂਰਨਾਮੈਂਟ ਵਿਚ 2 ਉਪ-ਕਪਤਾਨ ਬਣਾਉਣ ਨਾਲ ਸਾਡੀ ਲੀਡਰਸ਼ਿਪ ਟੀਮ ਮਜ਼ਬੂਤ ਹੋਵੇਗੀ। ਵਰਿੰਦਰ ਲੰਡਨ ਓਲੰਪਿਕ 2012 ਖੇਡ ਚੁੱਕਾ ਹੈ ਪਰ ਸੱਟ ਕਾਰਨ ਕਿਓ ਓਲੰਪਿਕ ਨਹੀਂ ਖੇਡ ਸਕਿਆ ਸੀ। ਵਾਪਸੀ ਦੇ ਬਾਅਦ ਉਸ ਦਾ ਪ੍ਰਦਰਸ਼ਨ ਬਿਹਤਰ ਹੁੰਦਾ ਗਿਆ ਹੈ।’ ਹਰਮਨਪ੍ਰੀਤ ਨੇ 2019 ਵਿਚ ਮਨਪ੍ਰੀਤ ਦੀ ਗੈਰ-ਮੌਜੂਦਗੀ ਵਿਚ ਟੋਕੀਓ ਓਲੰਪਿਕ ਟੈਸਟ ਟੂਰਨਾਮੈਂਟ ਵਿਚ ਭਾਰਤ ਦੀ ਕਪਤਾਨੀ ਕੀਤੀ ਸੀ। ਭਾਰਤੀ ਟੀਮ ਟੋਕੀਓ ਓਲੰਪਿਕ ਦੇ ਪਹਿਲੇ ਮੈਚ ਵਿਚ 24 ਜੁਲਾਈ ਨੂੰ ਨਿਊਜ਼ੀਲੈਂਡ ਨਾਲ ਖੇਡੇਗੀ।
 


cherry

Content Editor

Related News