ਟੋਕੀਓ ਵਾਟਰਫਰੰਟ ''ਤੇ ਲਾਏ ਗਏ ਓਲੰਪਿਕ ਰਿੰਗਸ

01/18/2020 3:01:27 AM

ਟੋਕੀਓ- ਜਾਪਾਨ ਵਿਚ ਇਸ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਲਈ ਮੇਜ਼ਬਾਨ ਸ਼ਹਿਰ ਵਿਚ ਤਿਆਰੀਆਂ ਜ਼ੋਰਾਂ 'ਤੇ ਹਨ ਤੇ ਸ਼ੁੱਕਰਵਾਰ ਸਵੇਰੇ ਟੋਕੀਓ ਦੇ ਮਸ਼ਹੂਰ ਰੇਨਬੋ ਪੁਲ ਦੇ ਨੇੜੇ ਓਲੰਪਿਕ ਦੇ ਚਿੰਨ੍ਹ 5 ਛੱਲਿਆਂ ਦੀ ਵੱਡੀ ਪ੍ਰਤਿਮਾ ਲਾਈ ਗਈ ਹੈ, ਜਿਸ ਨੂੰ ਖੇਡਾਂ ਦੀ ਸ਼ੁਰੂਆਤ ਤੋਂ ਠੀਕ 6 ਮਹੀਨੇ ਪਹਿਲਾਂ ਰੌਸ਼ਨ ਕੀਤਾ ਜਾਵੇਗਾ। ਓਲੰਪਿਕ ਚਿੰਨ੍ਹ 32.6 ਮੀਟਰ ਚੌੜਾ, 15.3 ਮੀਟਰ ਉਚਾ ਤੇ 69 ਟਨ ਭਾਰੀ ਹੈ। ਇਸ ਭਾਰੀ ਢਾਂਚੇ ਨੂੰ ਵੱਡੀ ਕਿਸ਼ਤੀ ਦੇ ਰਾਹੀਂ ਟੋਕੀਓ ਵੇ ਤਕ ਲਿਆਂਦਾ ਗਿਆ ਤੇ ਓਡਾਈਬਾ ਮਰੀਨ ਪਾਰਕ ਵਿਚਾਲੇ ਪਾਣੀ ਵਿਚ ਲਾਇਆ ਗਿਆ, ਜਿਸ ਦੇ ਪਿੱਛੇ ਕੁਝ ਮੀਟਰ ਦੀ ਦੂਰੀ 'ਤੇ ਮਸ਼ਹੂਰ ਰੇਨਬੋ ਪੁਲ ਹੈ।
ਓਲੰਪਿਕ ਦੇ ਪੰਜ ਛੱਲਿਆਂ ਦੇ ਢਾਂਚੇ ਨੂੰ ਸਟੀਲ ਨਾਲ ਬਣਾਇਆ ਗਿਆ ਹੈ ਤੇ ਇਹ 9 ਅਗਸਤ ਤਕ ਸਥਾਪਤ ਰਹੇਗਾ ਜਦੋਂ ਓਲੰਪਿਕ ਖੇਡਾਂ ਦੀ ਸਮਾਪਤੀ ਹੋਵੇਗੀ। ਬਾਅਦ ਵਿਚ ਇਸਦੀ ਜਗ੍ਹਾ ਅਗਸਤ ਦੇ ਮੱਧ ਵਿਚ ਪੈਰਾਲੰਪਿਕ ਚਿੰਨ੍ਹ ਲਾਇਆ ਜਾਵੇਗਾ। ਇਸ ਚਿੰਨ੍ਹ ਦਾ ਅਧਿਕਾਰਤ ਤੌਰ 'ਤੇ 24 ਜਨਵਰੀ ਦੀ ਸ਼ਾਮ ਨੂੰ ਉਦਘਾਟਨ ਕੀਤਾ ਜਾਵੇਗਾ, ਜਿਹੜਾ ਓਲੰਪਿਕ ਖੇਡਾਂ ਤੋਂ ਠੀਕ ਛੇ ਮਹੀਨੇ ਪਹਿਲਾਂ ਦਾ ਸਮਾਂ ਹੈ। ਇਸ ਦੌਰਾਨ ਇੱਥੇ ਰੌਸ਼ਨੀ ਤੋਂ ਇਲਾਵਾ ਪਟਾਕੇ ਵੀ ਚਲਾਏ ਜਾਣਗੇ। ਟੋਕੀਓ-2020 ਪ੍ਰਾਜੈਕਟ ਦੇ ਮੁਖੀ ਕੇਨਿਚੀ ਕਿਮੁਰਾ ਨੇ ਕਿਹਾ ਕਿ ਓਲੰਪਿਕ ਦੇ ਇੱਥੇ ਪੰਜ ਛੱਲੇ ਲਾਉਣ ਨਾਲ ਦੁਨੀਆ ਵਿਚ ਸੰਦੇਸ਼ ਜਾਂਦਾ ਹੈ ਕਿ ਟੋਕੀਓ ਓਲੰਪਿਕ ਖੇਡਾਂ ਲਈ ਤਿਆਰ ਹੈ। ਟੋਕੀਓ ਦਾ ਵਾਟਰਫਰੰਟ ਦੁਨੀਆ ਭਰ ਵਿਚ ਜਾਣਿਆ-ਪਛਾਣਿਆ ਸਥਾਨ ਹੈ।''


Gurdeep Singh

Content Editor

Related News