ਕੋਰੋਨਾ ਵਾਇਰਸ ਦੇ ਖਤਰੇ ਕਾਰਨ ਖਾਲੀ ਸਟੇਡੀਅਮ ’ਚ ਸੌਂਪੀ ਜਾਵੇਗੀ ਓਲੰਪਿਕ ਮਸ਼ਾਲ

03/16/2020 12:07:13 PM

ਸਪੋਰਟਸ ਡੈਸਕ— ਓਲੰਪਿਕ ਦੇ ਜਨਮਦਾਤਾ ਸਥਾਨ ਏਥੇਂਸ ’ਚ ਟੋਕੀਓ 2020 ਓਲੰਪਿਕ ਖੇਡਾਂ ਦੀ ਮਸ਼ਾਲ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਖਾਲੀ ਸਟੇਡੀਅਮ ’ਚ ਸੌਂਪੀ ਜਾਵੇਗੀ। ਯੂਨਾਨ ਓਲੰਪਿਕ ਕਮੇਟੀ ਨੇ ਐਤਵਾਰ ਨੂੰ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਯੂਨਾਨ ਨੇ ਗੁਜ਼ਰੇ ਸ਼ੁੱਕਰਵਾਰ ਓਲੰਪਿਕ ਮਸ਼ਾਲ ਦੀ ਘਰੇਲੂ ਰਿਲੇ ਨੂੂੰ ਰੱਦ ਕਰ ਦਿੱਤਾ ਸੀ ਤਾਂ ਜੋ ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਜਮ੍ਹਾ ਨਾ ਹੋਵੇ।

ਕਮੇਟੀ ਨੇ ਕਿਹਾ, ‘‘ਓਲੰਪਿਕ ਖੇਡਾਂ ਦੀ ਮਸ਼ਾਲ ਸੌਂਪਣ ਦਾ ਸਮਾਰੋਹ 19 ਮਾਰਚ ਨੂੰ ਹੋਣਾ ਹੈ ਅਤੇ ਇਹ ਖਾਲੀ ਸਟੇਡੀਅਮ ’ਚ ਕੀਤਾ ਜਾਵੇਗਾ ਜਿੱਥੇ ਦਰਸ਼ਕ ਹਾਜ਼ਰ ਨਹੀਂ ਹੋਣਗੇ।’’ 1896 ਓਲੰਪਿਕ ਖੇਡਾਂ ਦੇ ਸਥਾਨ ਏਥੇਂਸ ਸਟੇਡੀਅਮ ’ਚ ਓਲੰਪਿਕ ਮਸ਼ਾਲ ਅਗਲੇ ਮੇਜ਼ਬਾਨ ਸ਼ਹਿਰ ਨੂੰ ਸੌਂਪਣ ਦੇ ਸਮਾਗਮ ’ਚ ਹਜ਼ਾਰਾਂ ਲੋਕ ਇਕੱਠੇ ਹੁੰਦੇ ਹਨ। ਯੂਨਾਨ ’ਚ ਖੁਦ ਕੋਰੋਨਾ ਦੇ 228 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਾਪਾਨ ਨੇ ਟੋਕੀਓ ਓਲੰਪਿਕ ਦੀ ਮੇਜ਼ਬਾਨੀ ਕਰਨੀ ਹੈ ਅਤੇ ਪ੍ਰਧਾਨਮੰਤਰੀ ਸ਼ਿੰਜ਼ੋ ਆਬੇ ਨੇ ਕਿਹਾ ਕਿ ਇਨ੍ਹਾਂ ਖੇਡਾਂ ਦਾ ਆਯੋਜਨ ਤੈਅ ਪ੍ਰੋਗਰਾਮ ਦੇ ਮੁਤਾਬਕ ਕੀਤਾ ਜਾਵੇਗਾ।


Tarsem Singh

Content Editor

Related News