ਵਿੰਬਲਡਨ Final : ਨੋਵਾਕ ਜੋਕੋਵਿਚ ਨੇ ਫੈਡਰਰ ਨੂੰ ਹਰਾ ਜਿੱਤਿਆ ਵਿੰਬਲਡਨ ਦਾ ਖਿਤਾਬ

07/15/2019 12:27:09 AM

ਲੰਡਨ- ਨੋਵਾਕ ਜੋਕੋਵਿਚ ਨੇ ਦੋ ਮੈਚ ਪੁਆਇੰਟ ਬਚਾਏ ਤੇ ਐਤਵਾਰ ਨੂੰ ਇੱਥੇ ਰੋਜਰ ਫੈਡਰਰ ਨੂੰ ਪੰਜ ਸੈੱਟਾਂ ਤਕ ਚੱਲੇ ਸਭ ਤੋਂ ਲੰਬੇ ਤੇ ਰੋਮਾਂਚਕ ਫਾਈਨਲ ਵਿਚ 7-6 (5), 1-6, 7-6 (4), 4-6, 13-12 (3) ਨਾਲ ਹਰਾ ਕੇ ਪੰਜਵੀਂ ਵਾਰ ਵਿੰਬਲਡਨ ਖਿਤਾਬ ਜਿੱਤ ਲਿਆ। ਇਹ ਮੈਚ 4 ਘੰਟੇ 55 ਮਿੰਟ ਤਕ ਚੱਲਿਆ। ਫੈਡਰਰ ਨੇ ਬਿਹਤਰ ਖੇਡ ਦਿਖਾਈ ਪਰ ਜੋਕੋਵਿਚ ਨੇ ਤਿੰਨੇ ਸੈੱਟ ਟਾਈਬ੍ਰੇਕਰ ਵਿਚ ਜਿੱਤ ਕੇ ਆਪਣਾ 16ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤ ਲਿਆ। ਫੈਡਰਰ ਤੇ ਜੋਕੋਵਿਚ ਤੀਜੀ ਵਾਰ ਵਿੰਬਲਡਨ ਫਾਈਨਲ ਵਿਚ ਆਹਮੋ-ਸਾਹਮਣੇ ਸਨ। ਇਸ ਤੋਂ ਪਹਿਲਾਂ 2014 ਤੇ 2015 ਵਿਚ ਵੀ ਜੋਕੋਵਿਚ ਜਿੱਤ ਹਾਸਲ ਕਰਨ ਵਿਚ ਸਫਲ ਰਿਹਾ ਸੀ। ਪਹਿਲੇ ਸੈੱਟ ਵਿਚ ਦੋਵਾਂ ਖਿਡਾਰੀਆਂ ਨੇ ਆਪਣੀ ਸਰਵਿਸ ਬਚਾਈ ਰੱਖੀ। ਇਸ ਦੌਰਾਨ ਸਿਰਫ ਫੈਡਰਰ ਨੂੰ 2-1 ਦੇ ਸਕੋਰ ਨਾਲ ਇਕ ਵਾਰ ਬ੍ਰੇਕ ਪੁਆਇੰਟ ਦਾ ਮੌਕਾ ਮਿਲਿਆ ਸੀ ਪਰ ਉਦੋਂ ਉਸਦਾ ਫੋਰਹੈਂਡ ਬਾਹਰ ਚਲਾ ਗਿਆ।

PunjabKesari
ਟਾਈਬ੍ਰੇਕਰ ਵਿਚ ਫੈਡਰਰ ਲਗਾਤਾਰ ਚਾਰ ਅੰਕ ਬਣਾਉਣ ਤੋਂ ਬਾਅਦ 5-3 ਨਾਲ ਅੱਗੇ ਸੀ ਪਰ ਅਗਲੇ ਤਿੰਨ ਮੌਕਿਆਂ ’ਤੇ ਉਸਦਾ ਫੋਰਹੈਂਡ ਕਾਰਗਾਰ ਸਾਬਤ ਨਹੀਂ ਹੋਇਆ, ਜਦਕਿ ਮੈਚ ਪੁਆਇੰਟ ’ਤੇ ਉਸ ਨੇ ਬੈਕਹੈਂਡ ਬਾਹਰ ਮਾਰ ਦਿੱਤਾ, ਜਿਸ ਨਾਲ ਜੋਕੋਵਿਚ ਸ਼ੁਰੂ ਵਿਚ ਬੜ੍ਹਤ ਬਣਾਉਣ ਵਿਚ ਸਫਲ ਰਿਹਾ। ਦੂਜੇ ਸੈੱਟ ਵਿਚ ਹਾਲਾਂਕਿ ਫੈਡਰਰ ਸ਼ੁਰੂ ਤੋਂ ਹੀ ਹਾਵੀ ਹੋ ਗਿਆ। ਉਸ ਨੇ ਜੋਕੋਵਿਚ ਦੀਆਂ ਸ਼ੁਰੂਆਤੀ ਦੋਵੇਂ ਸਰਵਿਸ ਤੋੜ ਕੇ 4-0 ਨਾਲ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਉਸ ਨੇ ਸੱਤਵੇਂ ਗੇਮ ਵਿਚ ‘ਲਵ’ ’ਤੇ ਬ੍ਰੇਕ ਪੁਆਇੰਟ ਲਿਆ ਤੇ ਮੈਚ ਨੂੰ ਬਰਾਬਰੀ ’ਤੇ ਲਿਆ ਦਿੱਤਾ। ਫੈਡਰਰ ਇਸ ਸੈੱਟ ਵਿਚ ਕਿੰਨਾ ਹਾਵੀ ਸੀ, ਇਸਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ। ਜੋਕੋਵਿਚ ਨੇ ਪਹਿਲੇ ਸੈੱਟ ਵਿਚ 14 ਵਿਨਰ ਲਾਏ ਸਨ ਪਰ ਦੂਜੇ ਸੈੱਟ ਵਿਚ ਸਿਰਫ ਦੋ ਵਿਨਰ ਲਾ ਸਕਿਆ। ਜੋਕੋਵਿਚ ਤੀਜੇ ਸੈੱਟ ਵਿਚ ਵੀ ਬ੍ਰੇਕ ਪੁਆਇੰਟ ਲੈਣ ਦੇ ਨੇੜੇ ਨਹੀਂ ਪਹੁੰਚਿਆ ਪਰ ਟਾਈਬ੍ਰੇਕਰ ਵਿਚ ਉਹ ਫਿਰ ਤੋਂ ਅੱਵਲ ਸਾਬਤ ਹੋਇਆ। ਫੈਡਰਰ ਕੋਲ 5-4 ਦੇ ਸਕੋਰ ’ਤੇ ਜੋਕੋਵਿਚ ਦੇ ਸੈੱਟ ’ਤੇ ਇਕ ਸੈੱਟ ਪੁਆਇੰਟ ਵੀ ਸੀ ਪਰ ਉਸਦਾ ਬੈਕਹੈਂਡ ਰਿਟਰਨ ਬਾਹਰ ਚਲਾ ਗਿਆ। ਟਾਈਬ੍ਰੇਕਰ ਵਿਚ ਜੋਕੋਵਿਚ ਨੇ 5-1 ਨਾਲ ਬੜ੍ਹਤ ਬਣਾਈ ਤੇ ਫੈਡਰਰ ਦਾ ਫੋਰਹੈਂਡ ਨੈੱਟ ’ਤੇ ਲੱਗਣ ਤੋਂ ਉਸ ਨੇ ਇਹ ਸੈੱਟ ਆਪਣੇ ਨਾਂ ਕੀਤਾ।

PunjabKesari

ਫੈਡਰਰ ਚੌਥੇ ਸੈੱਟ ਵਿਚ ਹਾਵੀ ਹੋ ਗਿਆ। ਉਸ ਨੇ ਦੋ ਵਾਰ ਜੋਕੋਵਿਚ ਦੀ ਸਰਵਿਸ ਤੋੜ ਕੇ 5-2 ਨਾਲ ਬੜ੍ਹਤ ਬਣਾਈ ਪਰ ਜਦੋਂ ਉਹ ਸੈੱਟ ਲਈ ਸਰਵਿਸ ਕਰ ਰਿਹਾ ਸੀ ਤਾਂ ਪਹਿਲੀ ਵਾਰ ਉਸ ਨੇ ਆਪਣੀ ਸਰਵਿਸ ਗੁਆਈ। ਫੈਡਰਰ ਨੇ ਹਾਲਾਂਕਿ ਆਪਣੀ ਸਰਵਿਸ ’ਤੇ ‘ਲਵ’ ਉੱਤੇ ਜਿੱਤ ਦਰਜ ਕਰ ਕੇ ਸੈੱਟ ਅਪਾਣੇ ਨਾਂ ਕੀਤਾ ਤੇ ਇਸ ਤਰ੍ਹਾਂ ਨਾਲ ਮੈਚ ਨੂੰ ਫੈਸਲਾਕੁੰਨ ਸੈੱਟ ਤਕ ਖਿੱਚਿਆ। ਪੰਜਵੇਂ ਤੇ ਫੈਸਲਾਕੁੰਨ ਸੈੱਟ ਵਿਚ ਜੋਕੋਵਿਚ ਨੇ ਫੈਡਰਰ ਦੀ ਸਰਵਿਸ ਤੋੜ ਕੇ 4-2 ਨਾਲ ਬੜ੍ਹਤ ਬਣਾਈ ਪਰ ਸਵਿਸ ਖਿਡਾਰੀ ਨੇ ਤੁਰੰਤ ਹੀ ਵਾਪਸੀ ਕੀਤੀ ਤੇ ਬ੍ਰੇਕ ਪੁਆਇੰਟ ਲੈ ਕੇ ਜਲਦ ਹੀ ਸਕੋਰ 4-4 ਨਾਲ ਬਰਾਬਰ ਕਰ ਦਿੱਤਾ। ਫੈਡਰਰ 15ਵੇਂ ਗੇਮ ਵਿਚ ਜੋਕੋਵਿਚ ਦੀ ਸਰਵਿਸ ਤੋੜਨ ਵਿਚ ਸਫਲ ਰਿਹਾ। ਇਸ ਤੋਂ ਬਾਅਦ ਉਸਦੇ ਕੋਲ ਦੋ ਮੈਚ ਪੁਆਇੰਟ ਸਨ ਪਰ ਸਰਬੀਆ ਖਿਡਾਰੀ ਨੇ ਹਾਰ ਨਾ ਮੰਨੀ ਤੇ ਸ਼ਾਨਦਾਰ ਵਾਪਸੀ ਕਰ ਕੇ ਸਕੋਰ 8-8 ਨਾਲ ਬਰਾਬਰੀ ’ਤੇ ਲਿਆ ਦਿੱਤਾ। ਇਸ ਤੋਂ ਬਾਅਦ ਨਵੇਂ ਨਿਯਮਾਂ ਅਨੁਸਾਰ 12-12 ’ਤੇ ਟਾਈਬ੍ਰੇਕ ਹੋਇਆ, ਜਿਸ ਵਿਚ ਫਿਰ ਤੋਂ ਜੋਕੋਵਿਚ ਨੇ ਬਾਜ਼ੀ ਮਾਰੀ।


Gurdeep Singh

Content Editor

Related News