ਟੈਸਟ ''ਚ ਵਾਪਸੀ ਦੀ ਉਮੀਦ ਨਹੀਂ ਛੱਡੀ ਹੈ : ਧਵਨ
Sunday, Sep 06, 2020 - 09:51 PM (IST)
ਦੁਬਈ- ਪਿਛਲੇ ਦੋ ਸਾਲਾਂ ਤੋਂ ਟੈਸਟ ਟੀਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਭਾਰਤੀ ਟੀਮ 'ਚ ਵਾਪਸੀ ਦੀ ਉਮੀਦ ਨਹੀਂ ਛੱਡੀ ਹੈ ਤੇ ਆਉਣ ਵਾਲੇ ਮੌਕਿਆਂ ਦਾ ਧਿਆਨ ਰੱਖ ਕੇ ਟੈਸਟ 'ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। 34 ਸਾਲਾ ਧਵਨ ਨੇ ਆਪਣਾ ਆਖਰੀ ਟੈਸਟ ਮੈਚ ਇੰਗਲੈਂਡ ਵਿਰੁੱਧ ਸਤੰਬਰ 2018 'ਚ ਓਵਲ 'ਚ ਖੇਡਿਆ ਸੀ। ਧਵਨ ਨੇ ਇਕ ਟੀ. ਵੀ. ਚੈਨਲ ਨੂੰ ਕਿਹਾ ਕਿ ਮੈਂ ਟੀਮ ਦਾ ਹਿੱਸਾ ਨਹੀਂ ਹਾਂ, ਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਵਾਪਸੀ ਦੀ ਉਮੀਦ ਛੱਡ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਮੈਨੂੰ ਮੌਕੇ ਮਿਲੇ ਮੈਂ ਉਸਦਾ ਫਾਇਦਾ ਚੁੱਕਿਆ। ਜਿਵੇਂ ਪਿਛਲੇ ਸਾਲ ਰਣਜੀ ਟਰਾਫੀ 'ਚ ਮੈਂ ਸੈਂਕੜਾ ਲਗਾਇਆ ਤੇ ਵਨ ਡੇ ਟੀਮ 'ਚ ਵਾਪਸੀ ਕੀਤੀ। ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਫਿਰ ਨਿਸ਼ਚਿਤ ਤੌਰ 'ਤੇ ਮੈਂ ਅਜਿਹਾ ਕਰ ਸਕਦਾ ਹਾਂ।
ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਮਯੰਕ ਅਗਰਵਾਲ ਤੇ ਪ੍ਰਥਿਵੀ ਸ਼ਾਹ ਦੀ ਮੌਜੂਦਗੀ 'ਚ ਟੈਸਟ ਟੀਮ 'ਚ ਸਲਾਮੀ ਬੱਲੇਬਾਜ਼ ਦੇ ਲਈ ਬਹੁਤ ਮੁਕਾਬਲੇ ਹਨ ਪਰ ਖੱਬੇ ਹੱਥ ਦਾ ਇਹ ਬੱਲੇਬਾਜ਼ ਫਿਰ ਵੀ ਆਸ਼ਵਾਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣਾ ਸਰਵਸ੍ਰੇਸ਼ਠ ਕਰਨ ਦੀ ਕੋਸ਼ਿਸ਼ ਕਰਦਾ ਰਹਾਂਗਾ। ਅਗਲੇ ਸਾਲ ਟੀ-20 ਵਿਸ਼ਵ ਕੱਪ ਹੈ ਇਸ ਲਈ ਮੈਨੂੰ ਲਗਾਤਾਰ ਵਧੀਆ ਪ੍ਰਦਰਸ਼ਨ ਕਰਦੇ ਰਹਿਣਾ ਹੋਵੇਗਾ, ਖੁਦ ਨੂੰ ਫਿੱਟ ਰੱਖਣਾ ਹੋਵੇਗਾ ਤੇ ਲਗਾਤਾਰ ਦੌੜਾਂ ਬਣਾਉਣੀਆਂ ਹੋਣਗੀਆਂ। ਧਵਨ ਨੇ ਹੁਣ ਤੱਕ 34 ਟੈਸਟ ਮੈਚਾਂ 'ਚ 40.61 ਦੀ ਔਸਤ ਨਾਲ 2315 ਦੌੜਾਂ ਬਣਾਈਆਂ ਹਨ, ਜਿਸ 'ਚ 7 ਸੈਂਕੜੇ ਸ਼ਾਮਲ ਹਨ। ਆਈ. ਪੀ. ਐੱਲ. 'ਚ ਉਹ ਇਸ ਸਮੇਂ ਦਿੱਲੀ ਕੈਪੀਟਲਸ ਵਲੋਂ ਖੇਡਣਗੇ।