ਟੋਕੀਓ ਓਲੰਪਿਕ ਲਈ ਨਵੀਂ ਕੁਆਲੀਫਿਕੇਸ਼ਨ ਸਮਾਂ-ਹੱਦ ਤੈਅ

04/04/2020 2:17:04 AM

ਨਵੀਂ ਦਿੱਲੀ- ਟੋਕੀਓ ਓਲੰਪਿਕ 2020 ਨੂੰ 2021 ਤਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਓਲੰਪਿਕ ਲਈ ਨਵੀਂ ਕੁਆਲੀਫਿਕੇਸ਼ਨ ਸਮਾਂ-ਹੱਦ 29 ਜੂਨ 2021 ਕਰ ਦਿੱਤੀ ਹੈ, ਜਦਕਿ ਖੇਡਾਂ ਦੀ ਐਂਟਰੀ ਦੀ ਸਮਾਂ-ਹੱਦ 5 ਜੁਲਾਈ ਨਿਰਧਾਰਤ ਕੀਤੀ ਹੈ। ਆਈ. ਓ. ਸੀ. ਨੇ ਸਾਰੀਆਂ ਰਾਸ਼ਟਰੀ ਓਲੰਪਿਕ ਕਮੇਟੀਆਂ ਨੂੰ ਭੇਜੇ ਗਏ ਪੱਤਰ ਵਿਚ ਓਲੰਪਿਕ ਕੁਆਲੀਫਿਕੇਸ਼ਨ ਲਈ ਨਵੀਆਂ ਮਿਤੀਆਂ ਨਿਰਧਾਰਤ ਕੀਤੀਆਂ ਹਨ। ਵਿਸ਼ਵ ਪੱਧਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਆਈ. ਓ. ਸੀ. ਤੇ ਮੇਜ਼ਬਾਨ ਦੇਸ਼ ਜਾਪਾਨ ਨੇ ਟੋਕੀਓ 2020 ਨੂੰ ਮੁਲਤਵੀ ਕਰ ਦਿੱਤਾ ਸੀ ਅਤੇ ਹੁਣ ਇਸਦਾ ਆਯੋਜਨ ਅਗਲੇ ਸਾਲ 23 ਜੁਲਾਈ ਤੋਂ 8 ਅਗਸਤ ਤਕ ਕੀਤਾ ਜਾਵੇਗਾ। ਨਵੀਂ ਸੋਧੀ ਕੁਆਲੀਫਿਕੇਸ਼ਨ ਪ੍ਰਕਿਰਿਆ ਨੂੰ ਕੁਆਲੀਫਿਕੇਸ਼ਨ ਟਾਸਕ ਫੋਰਸ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਬਾਰੇ ਕੌਮਾਂਤਰੀ ਖੇਡ ਮਹਾਸੰਘਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

PunjabKesari
ਆਈ. ਓ. ਸੀ. ਨੇ ਦੱਸਿਆ ਕਿ ਨਵੀਂ ਕੁਆਲੀਫਿਕੇਸ਼ਨ ਸਮਾਂ-ਹੱਦ 29 ਜੂਨ 2021 ਹੋਵੇਗੀ ਅਤੇ ਕੌਮਾਂਤਰੀ ਮਹਾਸੰਘ ਆਪਣੀ ਕੁਆਲੀਫਿਕੇਸ਼ਨ ਸਮਾਂ-ਹੱਦ ਤੈਅ ਕਰ ਸਕਦੇ ਹਨ ਪਰ ਇਹ ਸਮਾਂ-ਹੱਦ 29 ਜੂਨ ਤੋਂ ਪਹਿਲਾਂ ਦੀ ਹੋਣੀ ਚਾਹੀਦੀ ਹੈ। ਖੇਡਾਂ ਦੀ ਐਂਟਰੀ ਦੀ ਆਖਰੀ ਸਮਾਂ-ਹੱਦ 5 ਜੁਲਾਈ ਰੱਖੀ ਗਈ ਹੈ। ਆਈ. ਓ. ਸੀ. ਪਹਿਲਾਂ ਹੀ ਕਹਿ ਚੁੱਕਾ ਸੀ ਕਿ ਜਿਹੜੇ ਐਥਲੀਟ ਓਲੰਪਿਕ ਕੋਟਾ ਹਾਸਲ ਕਰ ਚੁੱਕੇ ਹਨ, ਉਨ੍ਹਾਂ ਦਾ ਕੋਟਾ ਬਰਕਰਾਰ ਰਹੇਗਾ। ਕੁਆਲੀਫਿਕੇਸ਼ਨ ਪ੍ਰਕਿਰਿਆ ਦੀ ਸੋਧ ਨੂੰ ਜਲਦ ਤੋਂ ਜਲਦ ਆਖਰੀ ਰੂਪ ਦਿੱਤਾ ਜਾਵੇਗਾ, ਜਿਸ ਨੂੰ ਐਥਲੀਟ ਤੇ ਰਾਸ਼ਟਰੀ ਓਲੰਪਿਕ ਕਮੇਟੀਆਂ ਮੰਨ ਸਕਣ। ਆਈ. ਓ. ਸੀ. ਨੇ ਕਿਹਾ ਕਿ ਖੇਡਾਂ ਦੀਆਂ ਮਿਤੀਆਂ ਅਤੇ ਸਥਾਨਾਂ ਦਾ ਪੂਰਨ ਬਿਓਰਾ ਅਜੇ ਦੱਸਣਾ ਮੁਸ਼ਕਿਲ ਹੈ ਤੇ ਕੋਰੋਨਾ ਦਾ ਪ੍ਰਭਾਵ ਘੱਟ ਹੋਣ ਅਤੇ ਉਸ ਨਾਲ ਲੱਗੀਆਂ ਯਾਤਰਾ ਪਾਬੰਦੀਆਂ ਖਤਮ ਹੋਣ 'ਤੇ ਹੀ ਚੀਜ਼ਾਂ ਸਪੱਸ਼ਟ ਹੋਣ ਸਕਣਗੀਆਂ। ਆਈ. ਓ. ਸੀ. ਨੇ ਦੱਸਿਆ ਕਿ ਕੁਆਲੀਫਿਕੇਸ਼ਨ ਪ੍ਰਕਿਰਿਆ ਨੂੰ ਅਪ੍ਰੈਲ ਦੇ ਅੱਧ ਤਕ ਤੈਅ ਕਰ ਲਿਆ ਜਾਵੇਗਾ।
ਆਈ. ਓ. ਸੀ. ਨੇ ਕਿਹਾ, ''ਅਸੀਂ ਕੁਆਲੀਫਿਕੇਸ਼ਨ ਪ੍ਰਕਿਰਿਆ ਨੂੰ ਅਪ੍ਰੈਲ ਦੇ ਅੱਧ ਤਕ ਆਖਰੀ ਰੂਪ ਦੇਣਾ ਚਾਹੁੰਦੇ ਹਾਂ ਅਤੇ ਫਿਰ ਜਿਵੇਂ-ਜਿਵੇਂ ਚੀਜ਼ਾਂ ਅੱਗੇ ਵਧਣਗੀਆਂ, ਕੁਆਲੀਫਿਕੇਸ਼ਨ ਪ੍ਰਕਿਰਿਆ ਦੇ ਬਾਰੇ ਵਿਚ ਦੱਸਿਆ ਜਾਵੇਗਾ। ਜਿਹੜੇ ਕੁਆਲੀਫਿਕੇਸ਼ਨ ਟੂਰਨਾਮੈਂਟ ਕੋਰੋਨਾ ਕਾਰਣ ਮੁਲਤਵੀ ਕੀਤੇ ਗਏ ਹਨ, ਉਨ੍ਹਾਂ ਨੂੰ ਅੱਗੇ ਕਰਵਾਇਆ ਜਾਵੇਗਾ। ਜਿੱਥੇ ਕੋਟਾ ਵੰਡਣਾ ਰੈਂਕਿੰਗ ਦੇ ਆਧਾਰ 'ਤੇ ਤੈਅ ਕੀਤਾ ਜਾਣਾ ਹੈ, ਉਸ ਵਿਚ ਕੌਮਾਂਤਰੀ ਮਹਾਸੰਘਾਂ ਕੋਲ ਆਪਣੀ ਨਵੀਂ ਰੈਂਕਿੰਗ ਸਮਾਂ-ਹੱਦ ਨਿਰਧਾਰਤ ਕਰਨ ਦਾ ਅਧਿਕਾਰ ਹੋਵੇਗਾ।'' 
ਕੁਆਲੀਫਾਈ ਕਰ ਚੁੱਕੇ ਖਿਡਾਰੀਆਂ ਦਾ ਕੋਟਾ ਬਰਕਰਾਰ 
ਆਈ. ਓ. ਸੀ. ਨੇ ਕਿਹਾ ਕਿ ਜਿਹੜੇ ਖਿਡਾਰੀ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ, ਉਨ੍ਹਾਂ ਦਾ ਕੋਟਾ ਬਰਕਰਾਰ ਰਹੇਗਾ। ਕੌਮਾਂਤਰੀ ਮਹਾਸੰਘਾਂ ਕੋਲ ਉਮਰ ਯੋਗਤਾ ਮਾਪਦੰਡ ਨੂੰ ਵਧਾਉਣ ਤੇ ਘੱਟੋ-ਘੱਟ ਉਮਰ ਹੱਦ ਤੈਅ ਕਰਨ ਦਾ ਅਧਿਕਾਰ ਹੋਵੇਗਾ। ਘੱਟੋ-ਘੱਟ ਉਮਰ ਹੱਦ ਉਨ੍ਹਾਂ ਐਥਲੀਟਾਂ ਲਈ ਹੈ, ਜਿਹੜੇ ਜੁਲਾਈ 2020 ਲਈ ਯੋਗ ਨਹੀਂ ਸੀ ਪਰ 2021 ਵਿਚ ਘੱਟੋ-ਘੱਟ ਉਮਰ ਹੱਦ ਨੂੰ ਪੂਰਾ ਕਰਦੇ ਹਨ। ਕੁਝ ਮਾਮਲਿਆਂ ਵਿਚ ਕੁਆਲੀਫਿਕੇਸ਼ਨ ਕੋਟਾ ਰਾਸ਼ਟਰੀ ਓਲੰਪਿਕ ਕਮੇਟੀ ਨੇ ਹਾਸਲ ਕੀਤੇ ਹਨ, ਜਦਕਿ ਕੁਝ ਮਾਮਲਿਆਂ ਵਿਚ ਸਿੱਧੇ ਐਥਲੀਟਾਂ ਨੇ ਕੋਟਾ ਹਾਸਲ ਕੀਤੇ ਹਨ। ਇਨ੍ਹਾਂ ਸਾਰੇ ਮਾਮਲਿਆਂ ਵਿਚ ਓਲੰਪਿਕ ਚਾਰਟਰ ਦੇ ਅਨੁਸਾਰ ਸਬੰਧਤ ਰਾਸ਼ਟਰੀ ਓਲੰਪਿਕ ਕਮੇਟੀ ਨੂੰ ਓਲੰਪਿਕ ਲਈ ਐਥਲੀਟਾਂ ਨੂੰ ਚੁਣਨ ਦਾ ਅਧਿਕਾਰ ਰਹੇਗਾ, ਜਿਹੜੇ ਓਲੰਪਿਕ ਵਿਚ ਉਸ ਦੀ ਪ੍ਰਤੀਨਿਧਤਾ ਕਰਨ।


Gurdeep Singh

Content Editor

Related News