ਨੀਰਜ ਦੀਆਂ ਨਜ਼ਰਾਂ ਹੁਣ 90 ਮੀਟਰ ਤੋਂ ਵੱਧ ਤੱਕ ਜੈਵਲਿਨ ਸੁੱਟਣ ’ਤੇ

Sunday, May 18, 2025 - 02:37 PM (IST)

ਨੀਰਜ ਦੀਆਂ ਨਜ਼ਰਾਂ ਹੁਣ 90 ਮੀਟਰ ਤੋਂ ਵੱਧ ਤੱਕ ਜੈਵਲਿਨ ਸੁੱਟਣ ’ਤੇ

ਦੋਹਾ– ਰਾਹਤ ਤੇ ਖੁਸ਼ੀ ਦੇ ਨਾਲ-ਨਾਲ ਥੋੜ੍ਹੀ ਨਿਰਾਸ਼ਾ ਵੀ ਮਹਿਸੂਸ ਕਰ ਰਹੇ ਭਾਰਤੀ ਜੈਵਲਿਨ ਥ੍ਰੋਅਰ ਸਟਾਰ ਨੀਰਜ ਚੋਪੜਾ ਨੇ ਕਿਹਾ ਕਿ ਹੁਣ ਜਦਕਿ ਉਹ 90 ਮੀਟਰ ਦਾ ਅੰਕੜਾ ਪਾਰ ਕਰ ਚੁੱਕਾ ਹੈ ਤਾਂ ਉਹ ਹੋਰ ਅੱਗੇ ਵੱਧਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਉਸਦਾ ਸਰੀਰ ਹੁਣ ਉਨ੍ਹਾਂ ਸੱਟਾਂ ਤੋਂ ਲੱਗਭਗ ਮੁਕਤ ਹੋ ਗਿਆ ਹੈ ਜਿਹੜੀਆਂ ਪਿਛਲੇ ਕੁਝ ਸਾਲਾਂ ਵਿਚ ਉਸ ਨੂੰ ਪ੍ਰੇਸ਼ਾਨ ਕਰ ਰਹੀਆਂ ਸਨ।

ਦੋਹਰੇ ਓਲੰਪਿਕ ਤਮਗਾ ਜੇਤੂ 27 ਸਾਲਾ ਨੀਰਜ ਨੇ ਤੀਜੀ ਕੋਸ਼ਿਸ਼ ਵਿਚ ਜੈਵਲਿਨ ਨੂੰ 90.23 ਮੀਟਰ ਤੱਕ ਪਹੁੰਚਾਇਆ , ਜਿਸ ਨਾਲ ਉਹ 90 ਮੀਟਰ ਜਾਂ ਇਸ ਤੋਂ ਵੱਧ ਦੀ ਥ੍ਰੋਅ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ, ਜਿਸ ਦੀ ਅਗਵਾਈ ਉਸਦਾ ਮੌਜੂਦਾ ਕੋਚ ਚੈੱਕ ਗਣਰਾਜ ਦਾ ਜਾਨ ਜੇਲੇਜਨੀ ਕਰ ਰਿਹਾ ਹੈ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲਾ ਤੀਜਾ ਏਸ਼ੀਆਈ ਤੇ ਕੁੱਲ ਮਿਲਾ ਕੇ 25ਵਾਂ ਖਿਡਾਰੀ ਬਣਿਆ। ਹਾਲਾਂਕਿ ਜਰਮਨੀ ਦੇ ਜੂਲੀਅਨ ਬੈੱਵਰ ਨੇ ਬਾਜ਼ੀ ਪਲਟ ਦਿੱਤੀ ਤੇ ਆਪਣੀ ਛੇਵੀਂ ਤੇ ਆਖਰੀ ਥ੍ਰੋਅ ਵਿਚ 91.06 ਮੀਟਰ ਦੀ ਕੋਸ਼ਿਸ਼ ਦੇ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ ਤੇ ਸੋਨ ਤਮਗਾ ਜਿੱਤਿਆ।

ਨੀਰਜ ਨੇ ਪ੍ਰਤੀਯੋਗਿਤਾ ਤੋਂ ਬਾਅਦ ਕਿਹਾ, ‘‘ਮੈਂ 90 ਮੀਟਰ ਦੀ ਕੋਸ਼ਿਸ਼ ਨਾਲ ਬਹੁਤ ਖੁਸ਼ ਹਾਂ ਪਰ ਇਹ ਅਸਲ ਵਿਚ ਥੋੜ੍ਹਾ ਖੱਟਾ-ਮਿੱਠਾ ਤਜਰਬਾ ਹੈ ਪਰ ਕੋਈ ਗੱਲ ਨਹੀਂ । ਮੈਂ ਤੇ ਮੇਰੇ ਕੋਚ ਅਜੇ ਵੀ ਮੇਰੀ ਥ੍ਰੋਅ ਦੇ ਕੁਝ ਪਹਿਲੂਆਂ ’ਤੇ ਕੰਮ ਕਰ ਰਹੇ ਹਾਂ। ਅਸੀਂ ਇਸ ਸਾਲ ਫਰਵਰੀ ਵਿਚ ਹੀ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ ਸੀ। ਮੈਂ ਅਜੇ ਵੀ ਚੀਜ਼ਾਂ ਸਿੱਖ ਰਿਹਾ ਹਾਂ।’’

ਜੇਲੇਜਨੀ ਦੇ ਨਾਂ 98.48 ਮੀਟਰ ਤੱਕ ਜੈਵਲਿਨ ਸੁੱਟਣ ਦਾ ਵਿਸ਼ਵ ਰਿਕਾਰਡ ਹੈ ਤੇ ਉਹ ਆਮ ਤੌਰ ’ਤੇ ਡਾਇਮੰਡ ਲੀਗ ਵਿਚ ਨਹੀਂ ਜਾਂਦਾ ਪਰ ਚੈੱਕ ਗਣਰਾਜ ਦਾ ਇਹ ਕੋਚ ਚੋਪੜਾ ਦੇ ਨਾਲ ਇੱਥੇ ਆਇਆ ਸੀ ਕਿਉਂਕਿ ਉਸ ਨੂੰ ਲੱਗਾ ਸੀ ਕਿ ਇਸ ਪ੍ਰਤੀਯੋਗਿਤਾ ਵਿਚ 90 ਮੀਟਰ ਦੇ ਅੰਕੜੇ ਨੂੰ ਪਾਰ ਕੀਤਾ ਜਾ ਸਕਦਾ ਹੈ।

ਨੀਰਜ ਨੇ ਕਿਹਾ, ‘‘ਪਿਛਲੇ ਕੁਝ ਸਾਲਾਂ ਤੋਂ ਮੈਨੂੰ ਹਮੇਸ਼ਾ ਗ੍ਰੋਇਨ ਵਿਚ ਕੁਝ ਮਹਿਸੂਸ ਹੁੰਦਾ ਸੀ। ਇਸ ਵਜ੍ਹਾ ਨਾਲ ਮੈਂ ਆਪਣਾ ਸਰਵੋਤਮ ਨਹੀਂ ਦੇ ਸਕਿਆ। ਇਸ ਸਾਲ ਮੈਂ ਬਹੁਤ ਬਿਹਤਰ ਮਹਿਸੂਸ ਕਰ ਰਿਹਾ ਹਾਂ। ਅਸੀਂ ਕੁਝ ਪਹਿਲੂਆਂ ’ਤੇ ਵੀ ਕੰਮ ਕਰਾਂਗੇ ਤੇ ਇਸ ਲਈ ਮੇਰਾ ਮੰਨਣਾ ਹੈ ਕਿ ਮੈਂ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਦੀਆਂ ਪ੍ਰਤੀਯੋਗਿਤਾਵਾਂ ਵਿਚ 90 ਮੀਟਰ ਤੋਂ ਵੱਧ ਜੈਵਲਿਨ ਸੁੱਟ ਸਕਦਾ ਹਾਂ।’’


author

Tarsem Singh

Content Editor

Related News