ਨੇਸ਼ਨਜ਼ ਕੱਪ : ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 2-1 ਨਾਲ ਹਰਾਇਆ

Tuesday, Dec 13, 2022 - 04:15 PM (IST)

ਵੇਲੇਂਸ਼ੀਆ (ਸਪੇਨ) : ਭਾਰਤੀ ਮਹਿਲਾ ਹਾਕੀ ਟੀਮ ਨੇ ਸੋਮਵਾਰ ਨੂੰ ਜਾਪਾਨ ਨੂੰ 2-1 ਨਾਲ ਹਰਾ ਕੇ ਐਫਆਈਐਚ ਨੇਸ਼ਨਜ਼ ਕੱਪ ਦੇ ਪੂਲ ਬੀ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਚੋਟੀ ਦਾ ਸਥਾਨ ਹਾਸਲ ਕੀਤਾ। ਭਾਰਤੀ ਮਹਿਲਾ ਟੀਮ ਨੇ ਪਹਿਲੇ ਮੈਚ ਵਿੱਚ ਚਿਲੀ ਨੂੰ 3-1 ਨਾਲ ਹਰਾਇਆ ਸੀ।

ਭਾਰਤ ਲਈ ਸਲੀਮਾ ਟੇਟੇ ਨੇ ਚੌਥੇ ਮਿੰਟ ਵਿੱਚ ਪਹਿਲਾ ਗੋਲ ਕੀਤਾ। ਭਾਰਤ ਦੀ ਇੱਕ ਗੋਲ ਦੀ ਬੜ੍ਹਤ ਅੱਧੇ ਸਮੇਂ ਤੱਕ ਬਰਕਰਾਰ ਰਹੀ। ਤੀਜੇ ਕੁਆਰਟਰ ਵਿੱਚ ਬਿਊਟੀ ਡੁੰਗਡੁੰਗ ਨੇ ਖ਼ੂਬਸੂਰਤ ਮੈਦਾਨੀ ਗੋਲ ਕਰਕੇ ਭਾਰਤ ਨੂੰ 2-0 ਦੀ ਬੜ੍ਹਤ ਦਿਵਾਈ। ਹਾਲਾਂਕਿ ਤੀਜੇ ਕੁਆਰਟਰ ਦੇ ਤੀਜੇ ਮਿੰਟ ਵਿੱਚ ਜਾਪਾਨ ਦੇ ਤਾਕਾਸ਼ਿਮਾ ਰੁਈ ਨੇ ਭਾਰਤੀ ਡਿਫੈਂਸ ਨੂੰ ਤੋੜ ਕੇ  ਸਕੋਰ 2-1 ਕਰ ਦਿੱਤਾ।

ਜਾਪਾਨ ਦੀ ਟੀਮ ਦੋ ਮੈਚਾਂ ਵਿੱਚ ਇੱਕ ਜਿੱਤ ਅਤੇ ਇੱਕ ਹਾਰ ਦੇ ਬਾਅਦ ਦੂਜੇ ਸਥਾਨ ਉੱਤੇ ਹੈ। ਭਾਰਤ ਨੂੰ ਹੁਣ ਅਗਲਾ ਗਰੁੱਪ ਮੈਚ 14 ਦਸੰਬਰ ਨੂੰ ਦੱਖਣੀ ਅਫਰੀਕਾ ਨਾਲ ਖੇਡਣਾ ਹੈ। ਸਪੇਨ ਦੋਵੇਂ ਮੈਚ ਜਿੱਤ ਕੇ ਪੂਲ ਏ 'ਚ ਸਿਖਰ 'ਤੇ ਹੈ ਜਦਕਿ ਆਇਰਲੈਂਡ ਦੂਜੇ ਸਥਾਨ 'ਤੇ ਹੈ। ਇਟਲੀ ਅਤੇ ਕੋਰੀਆ ਇਕ ਹਾਰ ਅਤੇ ਇਕ ਡਰਾਅ ਤੋਂ ਬਾਅਦ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ।


Tarsem Singh

Content Editor

Related News