ਨੈਸ਼ਨਲ ਟੀਮ ਸ਼ਤਰੰਜ ਚੈਂਪੀਅਨਸ਼ਿਪ ''ਚ ਏਅਰ ਇੰਡੀਆ ਨੇ ਮਹਾਰਾਸ਼ਟਰ ਨੂੰ 4-0 ਹਰਾਇਆ
Thursday, Feb 07, 2019 - 09:29 PM (IST)
ਕੋਲਕਾਤਾ (ਨਿਕਲੇਸ਼ ਜੈਨ)- 39ਵੀਂ ਨੈਸ਼ਨਲ ਟੀਮ ਸ਼ਤਰੰਜ ਚੈਂਪੀਅਨਸ਼ਿਪ ਦਾ ਆਯੋਜਨ 7 ਤੋਂ 11 ਫਰਵਰੀ ਤਕ ਕੀਤਾ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਸੂਬਿਆਂ ਤੋਂ ਇਲਾਵਾ ਚੋਟੀ ਦਰਜਾ ਪ੍ਰਾਪਤ ਰੇਲਵੇ, ਏਅਰ ਇੰਡੀਆ, ਪੈਟਰੋਲੀਅਮ ਸਪੋਰਟਸ ਵਰਗੀਆਂ ਵੱਡੀਆਂ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ। ਪੁਰਸ਼ ਵਰਗ ਵਿਚ 44 ਤੇ ਮਹਿਲਾ ਵਰਗ ਵਿਚ ਕੁਲ 14 ਟੀਮਾਂ ਹਿੱਸਾ ਲੈ ਰਹੀਆਂ ਹਨ।
ਪੁਰਸ਼ ਵਰਗ ਵਿਚ ਚੋਟੀ ਦਰਜਾ ਧਾਕੜ ਗ੍ਰੈਂਡ ਮਾਸਟਰਾਂ ਨਾਲ ਸਜੀ ਟੀਮ ਪੈਟਰੋਲੀਅਮ ਸਪੋਰਟਸ ਨੂੰ ਦਿੱਤਾ ਗਿਆ ਹੈ, ਜਿਸ ਵਿਚ ਸੂਰਯ ਸ਼ੇਖਰ ਗਾਂਗੁਲੀ, ਮੁਰਲੀ ਕਾਰਤੀਕੇਅਨ, ਅਰਵਿੰਦ ਚਿਦਾਂਬਰਮ, ਜੀ. ਐੱਨ. ਗੋਪਾਲ ਤੇ ਦੀਪਸੇਨ ਗੁਪਤਾ ਖੇਡ ਰਹੇ ਹਨ।
ਪਹਿਲੇ ਰਾਊਂਡ ਵਿਚ ਪੁਰਸ਼ ਵਰਗ ਵਿਚ ਸਾਰੀਆਂ ਪ੍ਰਮੁੱਖ ਟੀਮਾਂ ਨੇ ਜਿੱਤ ਦੇ ਨਾਲ ਚੈਂਪੀਅਨਸ਼ਿਪ ਦੀ ਸ਼ੁਰੂਆਤ ਕੀਤੀ ਹੈ। ਪੈਟਰੋਲੀਅਮ ਸਪੋਰਟਸ ਨੇ ਸਰਵਿਸਿਜ਼ ਨੂੰ 4-0 ਨਾਲ, ਏਅਰਪੋਰਟ ਅਥਾਰਟੀ ਨੇ ਮੇਜ਼ਬਾਨ ਕੋਲਕਾਤਾ ਨੂੰ 4-0 ਨਾਲ, ਰੇਲਵੇ ਨੇ ਬਿਹਾਰ ਨੂੰ 3-1 ਨਾਲ ਤੇ ਏਅਰ ਇੰਡੀਆ ਨੇ ਮਹਾਰਾਸ਼ਟਰ ਨੂੰ 4-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਮਹਿਲਾ ਵਰਗ ਵਿਚ ਵੀ ਪੈਟਰੋਲੀਅਮ ਸਪੋਰਟਸ, ਏਅਰ ਇੰਡੀਆ, ਏਅਰਪੋਰਟ ਅਥਾਰਟੀ, ਐੱਲ. ਆਈ. ਸੀ., ਬੰਗਾਲ, ਤਾਮਿਲਨਾਡੂ ਤੇ ਬਿਹਾਰ ਨੇ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
