ਮਾਨਸੂਨ ਸੈਸ਼ਨ ’ਚ ਪੇਸ਼ ਕੀਤਾ ਜਾਵੇਗਾ ਕੌਮੀ ਖੇਡ ਸ਼ਾਸਨ ਬਿੱਲ : ਮਾਂਡਵੀਆ
Tuesday, Jul 15, 2025 - 01:37 PM (IST)

ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਕਿਹਾ ਕਿ ਕੌਮੀ ਖੇਡ ਸ਼ਾਸਨ ਬਿੱਲ 21 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਪੇਸ਼ ਕੀਤਾ ਜਾਵੇਗਾ। ਮਾਂਡਵੀਆ ਨੇ ਯੁਵਾ ਮਾਮਲਿਆਂ ਦੇ ਵਿਭਾਗ ਵੱਲੋਂ ਨਸ਼ਿਆਂ ਖ਼ਿਲਾਫ਼ ਕਰਵਾਏ ਸਮਾਗਮ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰ ਦੇ ਇਸ ਰੁਖ਼ ਨੂੰ ਵੀ ਦੁਹਰਾਇਆ ਕਿ ਬਹੁਪੱਖੀ ਖੇਡ ਟੂਰਨਾਮੈਂਟਾਂ ਲਈ ਪਾਕਿਸਤਾਨੀ ਦੇ ਖਿਡਾਰੀਆਂ ਨੂੰ ਭਾਰਤ ਆਉਣ ਤੋਂ ਨਹੀਂ ਰੋਕਿਆ ਜਾਵੇਗਾ।
ਮਾਂਡਵੀਆ ਨੇ ਕਿਹਾ, ‘‘ਇਹ ਬਿੱਲ ਅਗਲੇ ਸੈਸ਼ਨ ਦੌਰਾਨ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਮੈਂ ਕੁਝ ਦਿਨਾਂ ਵਿੱਚ ਇਸ ਨਾਲ ਜੁੜੇ ਹੋਰ ਵੇਰਵੇ ਸਾਂਝੇ ਕਰਾਂਗਾ।’’ ਇਸ ਬਿੱਲ ਵਿੱਚ ਦੇਸ਼ ਦੇ ਖੇਡ ਪ੍ਰਸ਼ਾਸਕਾਂ ਲਈ ਵਧੇਰੇ ਜਵਾਬਦੇਹੀ ਯਕੀਨੀ ਬਣਾਉਣ ਦੀ ਕੋਸ਼ਿਸ਼ ਤਹਿਤ ਰੈਗੂਲੇਟਰੀ ਬੋਰਡ ਦੀ ਤਜਵੀਜ਼ ਹੈ।