ਨਾਗਲ ਟੈਂਪੀਅਰ ਓਪਨ ਦੇ ਕੁਆਰਟਰ ਫਾਈਨਲ ’ਚ
Thursday, Jul 24, 2025 - 10:07 PM (IST)

ਨਵੀਂ ਦਿੱਲੀ (ਭਾਸ਼ਾ)-ਭਾਰਤ ਦੇ ਟਾਪ ਸਿੰਗਲ ਖਿਡਾਰੀ ਸੁਮਿਤ ਨਾਗਲ ਨੇ ਨੀਦਰਲੈਂਡ ਦੇ ਮੈਕਸ ਹੁਕੇਸ ਨੂੰ ਹਰਾ ਕੇ ਟੈਂਪੀਅਰ ਚੈਲੰਜਰ ਮੁਕਾਬਲੇ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ, ਜਦੋਂਕਿ ਅਰਜੁਨ ਕਾਧੇ ਅਤੇ ਵਿਜੇ ਸੁੰਦਰ ਪ੍ਰਸ਼ਾਂਤ ਸਵਿਟਜ਼ਰਲੈਂਡ ’ਚ ਜੁਗ ਓਪਨ ਦੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ ’ਚ ਹਾਰ ਗਏ। ਮੈਚ ਲਈ ਸਰਵਿਸ ਕਰਦੇ ਹੋਏ ਨਾਗਲ ਨੂੰ ਦੂਜੇ ਸੈੱਟ ਦੇ 10ਵੀਂ ਗੇਮ ’ਚ ਕਈ ਬ੍ਰੇਕ ਪੁਆਇੰਟ ਦਾ ਸਾਹਮਣਾ ਕਰਨਾ ਪਿਆ ਪਰ ਉਹ 6-2, 6-4 ਨਾਲ ਜਿੱਤ ਨਾਲ ਅਗਲੇ ਦੌਰ ’ਚ ਜਗ੍ਹਾ ਬਣਾਉਣ ’ਚ ਸਫਲ ਰਿਹਾ। ਅਗਲੇ ਦੌਰ ’ਚ ਨਾਗਲ ਦਾ ਸਾਹਮਣਾ ਅਰਜਨਟੀਨਾ ਦੇ ਕੁਆਲੀਫਾਇਰ ਨਿਕੋਲਸ ਕਿਕਰ ਨਾਲ ਹੋਵੇਗਾ, ਜਿਸ ਨੇ ਨਾਰਵੇ ਦੇ 5ਵਾਂ ਦਰਜਾ ਪ੍ਰਾਪਤ ਵਿਕਟਰ ਡੁਰਾਸੋਵਿਕ ਨੂੰ ਹਰਾਇਆ। ਇਸ ਮਹੀਨੇ ਇਟਲੀ ਦੇ ਟ੍ਰਾਈਸਟੇ ’ਚ ਕੁਆਲੀਫਾਇਰ ਦੇ ਰੂਪ ’ਚ ਸੈਮੀਫਾਈਨਲ ਤੱਕ ਪੁੱਜਣਾ ਨਾਗਲ ਦਾ ਇਸ ਪੱਧਰ ਦਾ ਸਰਵੋਤਮ ਪ੍ਰਦਰਸ਼ਨ ਰਿਹਾ ਹੈ। ਨਾਗਲ ਨੇ ਆਪਣੇ ਕਰੀਅਰ ’ਚ 6 ਚੈਲੰਜਰ ਸਿੰਗਲ ਖਿਤਾਬ ਜਿੱਤੇ ਹਨ।
ਇਸ ’ਚ ਏ. ਟੀ. ਪੀ. ਚੈਲੰਜਰ ਜੁਗ ਓਪਨ ’ਚ ਚੋਟੀ ਦਾ ਦਰਜਾ ਪ੍ਰਾਪਤ ਕਾਧੇ ਅਤੇ ਪ੍ਰਸ਼ਾਂਤ ਕੁਆਰਟਰ ਫਾਈਨਲ ’ਚ ਸ਼ਿਮੋਨ ਕੀਲਨ ਅਤੇ ਫਿਲਿਪ ਪਿਏਜੋਂਕਾ ਦੀ ਪੋਲੈਂਡ ਦੀ ਜੋਡ਼ੀ ਤੋਂ 3-6, 4-6 ਨਾਲ ਹਾਰ ਕੇ ਬਾਹਰ ਹੋ ਗਏ। ਕਾਧੇ ਅਤੇ ਪ੍ਰਸ਼ਾਂਤ ਨੇ ਜਿਰੀਜ ਬਰਨਾਟ ਅਤੇ ਫਿਲਿਪ ਡੂਡਾ ਦੀ ਚੈੱਕ ਗਣਰਾਜ ਦੀ ਜੋਡ਼ੀ ਨੂੰ 6-1, 6-4 ਨਾਲ ਹਰਾ ਕੇ ਆਖਰੀ 8 ’ਚ ਜਗ੍ਹਾ ਬਣਾਈ ਸੀ।