ਚਾਰ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਓਸਾਕਾ ਡਿਪ੍ਰੈਸ਼ਨ ’ਚ, ਫ਼੍ਰੈਂਚ ਓਪਨ ਤੋਂ ਹਟੀ
Tuesday, Jun 01, 2021 - 04:52 PM (IST)
ਪੈਰਿਸ— ਟੈਨਿਸ ਦੀ ਦੁਨੀਆ ’ਚ ਚਾਰ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਨਾਓਮੀ ਓਸਾਕਾ ਨੇ ਫ਼੍ਰੈਂਚ ਓਪਨ ਤੋਂ ਨਾਂ ਵਾਪਸ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਤੋਂ ਪਹਿਲਾਂ ‘ਤਣਾਅ ਦਾ ਸਾਹਮਣਾ’ ਕਰਨਾ ਪੈਂਦਾ ਹੈ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੇ ‘ਲੰਬੇ ਸਮੇਂ ਤਕ ਡਿਪ੍ਰੈਸ਼ਨ’ ਦਾ ਸਾਹਮਣਾ ਕੀਤਾ ਹੈ। ਜਾਪਾਨ ਦੀ 23 ਸਾਲਾ ਇਸ ਖਿਡਾਰੀ ਨੇ ਫ਼੍ਰੈਂਚ ਓਪਨ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਉਹ ਮੈਚ ਦੇ ਬਾਅਦ ਹੋਣ ਵਾਲੇ ਪੱਤਰਕਾਰ ਸੰਮੇਲਨ ’ਚ ਨਹੀਂ ਜਾਵੇਗੀ। ਇਸ ਕਾਰਨ ਉਨ੍ਹਾਂ ਨੂੰ ਸਜ਼ਾ ਭੁਗਤਣ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਸੀ ਜਿਸ ’ਚ ਮੁਅੱਤਲ ਕਰਨ ਤੇ ਅਯੋਗ ਕਰਾਰ ਕਰਨ ਦਾ ਜ਼ਿਕਰ ਸੀ।
ਇਹ ਵੀ ਪੜ੍ਹੋ : ਭਾਰਤੀ ਤੇਜ਼ ਗੇਂਦਬਾਜ਼ ’ਚ ਦਿਸੇ ਕੋਰੋਨਾ ਦੇ ਲੱਛਣ, ਪਤਨੀ ਨਾਲ ਘਰ ’ਤੇ ਹਨ ਇਕਾਂਤਵਾਸ ’ਚ
ਫ਼੍ਰੈਂਚ ਓਪਨ ਟੂਰਨਾਮੈਂਟ ਦੇ ਪਹਿਲੇ ਦੌਰ ਦੇ ਮੁਕਾਬਲੇ ਨੂੰ ਜਿੱਤਣ ਦੇ ਬਾਅਦ ਉਨ੍ਹਾਂ ਨੇ ਅਜਿਹਾ ਹੀ ਕੀਤਾ। ਉਨ੍ਹਾਂ ਦੀ ਇਸ ਹਰਕਤ ’ਤੇ 15,000 ਡਾਲਰ ਦਾ ਜੁਰਮਾਨਾ ਲਗਾਉਂਦੇ ਹੋਏ ਭਵਿੱਖ ’ਚ ਅਜਿਹਾ ਕਰਨ ’ਤੇ ਸਖ਼ਤ ਸਜ਼ਾ ਭੁਗਤਣ ਦੀ ਚਿਤਾਵਨੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਹ ਅਜਿਹਾ ਇਸ ਲਈ ਕਰ ਰਹੀ ਹੈ ਕਿਉਂਕਿ ਹਾਰ ਦੇ ਸਵਾਲਾਂ ਦਾ ਜਵਾਬ ਦਿੰਦੇ ਸਮੇਂ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਨਾਲ ਉਨ੍ਹਾਂ ਨੂੰ ਆਪਣੀ ਯੋਗਤਾ ’ਤੇ ਸ਼ੱਕ ਹੋਣ ਲਗਦਾ ਹੈ। ਓਸਾਕਾ ਨੇ ਸੋਮਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਉਹ 2018 ’ਚ ਯੂ. ਐੱਸ. ਓਪਨ ਤੋਂ ਹੀ ਮਾਨਸਿਕ ਤਣਾਅ ਨਾਲ ਲੜ ਰਹੀ ਹੈ।
ਇਹ ਵੀ ਪੜ੍ਹੋ : ਪੁਲਸ ਨੇ ਸੁਸ਼ੀਲ ਕੁਮਾਰ ਅਤੇ ਨਵਨੀਤ ਕਾਲਰਾ ਦੇ ਹਥਿਆਰ ਲਾਈਸੈਂਸ ਕੀਤੇ ਮੁਅੱਤਲ
ਉਨ੍ਹਾਂ ਕਿਹਾ ਕਿ ਮੈਂ ਕਦੀ ਵੀ ਮਾਨਸਿਕ ਸਿਹਤ ਨੂੰ ਹਲਕੇ ’ਚ ਨਹੀਂ ਲਵਾਂਗੀ। ਟੂਰਨਾਮੈਂਟ, ਦੂਜੇ ਖਿਡਾਰੀਆਂ ਤੇ ਮੇਰੀ ਭਲਾਈ ਇਸੇ ’ਚ ਹੈ ਕਿ ਮੈਂ ਇਸ ਤੋਂ ਹਟ ਜਾਵਾਂ ਤਾਂ ਜੋ ਇਕ ਵਾਰ ਫਿਰ ਤੋਂ ਲੋਕ ਪੈਰਿਸ ’ਚ ਚਲ ਰਹੇ ਟੈਨਿਸ ’ਤੇ ਧਿਆਨ ਦੇ ਸਕਣ। ਮੈਂ ਕਦੀ ਵੀ ਰੁਕਾਵਟ ਨਹੀਂ ਬਣਨਾ ਚਾਹੁੰਦੀ ਸੀ ਤੇ ਮੰਨਦੀ ਹਾਂ ਕਿ ਅਜਿਹਾ ਕਰਨ ਦਾ ਇਹ ਸਹੀ ਸਮਾਂ ਨਹੀਂ ਸੀ। ਮੇਰਾ ਸੰਦੇਸ਼ ਹੋਰ ਸਪੱਸ਼ਟ ਹੋ ਸਕਦਾ ਸੀ। ਟੂਰਨਾਮੈਂਟ ਤੋਂ ਹਟਣ ਦੇ ਬਾਅਦ ਫ਼੍ਰੈਂਚ ਟੈਨਿਸ ਸੰਘ ਦੇ ਪ੍ਰਧਾਨ ਜਾਈਲਸ ਮੋਰੇਟੋਨੇ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੇ ਸਭ ਤੋਂ ਮਹੱਤਵਪੂਰਨ ਸਾਨੂੰ ਨਾਓਮੀ ਓਸਾਕਾ ਲਈ ਅਫ਼ਸੋਸ ਤੇ ਦੁਖ ਹੈ। ਨਾਓਮੀ ਦਾ ਰੋਲਾਂ ਗੈਰੋ ਤੋਂ ਹਟਣਾ ਨਿਰਾਸ਼ਾਜਨਕ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।