ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾ ਕੇ ਨਾਕਾਮੁਰਾ ਬਣੇ ਸਪੀਡ ਚੈੱਸ ਜੇਤੂ
Tuesday, Dec 20, 2022 - 11:58 AM (IST)

ਨਵੀਂ ਦਿੱਲੀ (ਨਿਕਲੇਸ਼ ਜੈਨ)- ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਚੈੱਸ ਕਾਮ ਸਪੀਡ ਚੈੱਸ ਟੂਰਨਾਮੈਂਟ ਦੇ ਬਹੁਤ ਹੀ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ। ਇਹ ਪਹਿਲੀ ਵਾਰ ਸੀ ਜਦੋਂ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਫਾਈਨਲ ਮੈਚ ਖੇਡਿਆ ਗਿਆ। ਮੁਕਾਬਲੇ ਦੇ ਪਹਿਲੇ ਸੈੱਟ ਵਿੱਚ 90 ਮਿੰਟਾਂ ਤਕ 5 ਮਿੰਟ + 1 ਸਕਿੰਟ ਦੇ 9 ਮੈਚ ਹੋਏ ਜਿਸ 'ਚ ਨਾਕਾਮੁਰਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 6.5-2.5 ਦੀ ਵੱਡੀ ਬੜ੍ਹਤ ਹਾਸਲ ਕੀਤੀ।
ਇਸ ਤੋਂ ਬਾਅਦ ਦੂਜੇ ਸੈੱਟ 'ਚ 60 ਮਿੰਟ ਤੱਕ 3 ਮਿੰਟ + 1 ਸਕਿੰਟ ਦੇ 8 ਮੈਚ ਹੋਏ ਅਤੇ ਇਸ ਵਾਰ ਕਾਰਲਸਨ ਨੇ ਵਾਪਸੀ ਕਰਦੇ ਹੋਏ ਸੈੱਟ 6-4 ਨਾਲ ਜਿੱਤ ਲਿਆ ਪਰ ਕੁੱਲ ਸਕੋਰ 'ਚ ਉਹ ਅਜੇ ਵੀ ਨਾਕਾਮੁਰਾ ਤੋਂ 10.5–8.5 ਨਾਲ ਪਿੱਛੇ ਸੀ। ਤੀਜੇ ਸੈੱਟ ਵਿੱਚ, ਕਾਰਲਸਨ 1 ਮਿੰਟ + 1 ਸਕਿੰਟ ਦੇ 9 ਬੁਲੇਟ ਮੁਕਾਬਲਿਆਂ 'ਚ ਕਾਰਲਸਨ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਿਹਾ, ਪਰ ਇਹ ਜਿੱਤ ਉਸ ਨੂੰ 5-4 ਨਾਲ ਮਿਲੀ ਅਤੇ ਅਜਿਹੇ 'ਚ ਨਾਕਾਮੁਰਾ 14.5-13.5 ਨਾਲ ਸਪੀਡ ਚੈੱਸ ਫਾਈਨਲ ਜਿੱਤਣ ਵਿੱਚ ਕਾਮਯਾਬ ਰਹੇ।