ਨਜਮ ਸੇਠੀ ਨੇ ਏਸ਼ੀਆ ਕੱਪ ਦੇ ਸ਼ਡਿਊਲ ''ਤੇ ਚੁੱਕੇ ਸਵਾਲ
Sunday, Sep 03, 2023 - 05:53 PM (IST)
ਪੱਲੇਕੇਲੇ (ਸ਼੍ਰੀਲੰਕਾ) : ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਸਾਬਕਾ ਚੇਅਰਮੈਨ ਨਜਮ ਸੇਠੀ ਨੇ ਪੱਲੇਕੇਲੇ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਮੀਂਹ ਕਾਰਨ ਰੱਦ ਹੋ ਜਾਣ ਤੋਂ ਬਾਅਦ ਏਸ਼ੀਆ ਕੱਪ ਦੇ ਸ਼ਡਿਊਲ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਯੂ. ਏ. ਈ. 'ਚ ਖੇਡਣ ਦੇ ਉਨ੍ਹਾਂ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਗਿਆ ਹੈ। ਸ੍ਰੀਲੰਕਾ ਵਿੱਚ ਟੂਰਨਾਮੈਂਟ ਕਰਵਾਉਣ ਲਈ ਬੇਕਾਰ ਦਲੀਲਾਂ ਦਿੱਤੀਆਂ ਗਈਆਂ। ਪਿਛਲੇ ਸਾਲ ਰਮੀਜ਼ ਰਾਜਾ ਨੂੰ ਬਰਖਾਸਤ ਕੀਤੇ ਜਾਣ ਤੋਂ ਬਾਅਦ ਪੀਸੀਬੀ ਦੇ ਅੰਤਰਿਮ ਚੇਅਰਮੈਨ ਦਾ ਅਹੁਦਾ ਸੰਭਾਲਣ ਵਾਲੇ ਸੇਠੀ ਨੇ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਮੀਂਹ ਕਾਰਨ ਧੋਤੇ ਜਾਣ ਤੋਂ ਬਾਅਦ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਇਹ ਵੀ ਪੜ੍ਹੋ : ਦਿਵਿਆ ਦੇਸ਼ਮੁਖ ਨੇ ਟਾਟਾ ਸਟੀਲ ਰੈਪਿਡ ਮਹਿਲਾ ਸ਼ਤਰੰਜ ਖਿਤਾਬ ਜਿੱਤਿਆ
ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) 'ਤੇ ਨਿਸ਼ਾਨਾ ਸਾਧਦੇ ਹੋਏ ਸੇਠੀ ਨੇ ਟਵਿੱਟਰ 'ਤੇ ਲਿਖਿਆ, 'ਕਿੰਨਾ ਨਿਰਾਸ਼ਾਜਨਕ। ਮੀਂਹ ਨੇ ਕ੍ਰਿਕਟ ਦੇ ਸਭ ਤੋਂ ਵੱਡੇ ਮੈਚ ਵਿੱਚ ਵਿਘਨ ਪਾਇਆ। ਪਰ ਭਵਿੱਖਬਾਣੀ ਵੀ ਇਹੋ ਕੀਤੀ ਗਈ ਸੀ। ਪੀ. ਸੀ. ਬੀ. ਚੇਅਰਮੈਨ ਹੋਣ ਦੇ ਨਾਤੇ ਮੈਂ ਏ. ਸੀ. ਸੀ. ਨੂੰ ਯੂ. ਏ. ਈ. ਵਿੱਚ ਖੇਡਣ ਲਈ ਕਿਹਾ ਸੀ ਪਰ ਸ਼੍ਰੀਲੰਕਾ ਵਿੱਚ ਇਸਦੀ ਮੇਜ਼ਬਾਨੀ ਲਈ ਵਿਅਰਥ ਦਲੀਲਾਂ ਦਿੱਤੀਆਂ ਗਈਆਂ। ਉਸ ਨੇ ਲਿਖਿਆ ਕਿ ਉਨ੍ਹਾਂ ਨੇ ਕਿਹਾ ਕਿ ਦੁਬਈ ਵਿੱਚ ਬਹੁਤ ਗਰਮੀ ਹੋਵੇਗੀ। ਪਰ ਪਿਛਲੀ ਵਾਰ ਜਦੋਂ ਸਤੰਬਰ 2022 ਵਿਚ ਏਸ਼ੀਆ ਕੱਪ ਉਥੇ ਖੇਡਿਆ ਗਿਆ ਸੀ, ਉਹ ਵੀ ਓਨਾ ਹੀ ਗਰਮ ਸੀ ਜਾਂ ਜਦੋਂ ਅਪ੍ਰੈਲ 2014 ਅਤੇ ਸਤੰਬਰ 2020 ਵਿਚ ਆਈ. ਪੀ. ਐਲ. ਉਥੇ ਖੇਡਿਆ ਗਿਆ ਸੀ। ਖੇਡਾਂ 'ਤੇ ਰਾਜਨੀਤੀ। ਮੁਆਫ਼ ਕਰਨ ਯੋਗ ਨਹੀਂ।'
ਭਾਰਤ ਨੇ ਭੂ-ਰਾਜਨੀਤਿਕ ਤਣਾਅ ਦੇ ਕਾਰਨ ਪਾਕਿਸਤਾਨ ਵਿੱਚ ਏਸ਼ੀਆ ਕੱਪ ਖੇਡਣ ਤੋਂ ਇਨਕਾਰ ਕਰਨ ਤੋਂ ਬਾਅਦ ਸ਼੍ਰੀਲੰਕਾ ਨੂੰ ਸਹਿ-ਮੇਜ਼ਬਾਨ ਵਜੋਂ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ ਟੂਰਨਾਮੈਂਟ ਕਰਵਾਉਣ ਦਾ ਹਾਈਬ੍ਰਿਡ ਮਾਡਲ ਅਪਣਾਇਆ ਗਿਆ ਅਤੇ ਹੁਣ ਪਾਕਿਸਤਾਨ ਅਤੇ ਸ੍ਰੀਲੰਕਾ ਵਿੱਚ ਮੈਚ ਕਰਵਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਵਿਸ਼ਵ ਕੱਪ ਟੀਮ 'ਚ ਰਾਹੁਲ ਨਹੀਂ, ਈਸ਼ਾਨ ਨੂੰ ਮਿਲਣੀ ਚਾਹੀਦੀ ਹੈ ਤਰਜ਼ੀਹ : ਗੌਤਮ ਗੰਭੀਰ
ਹਾਈਬ੍ਰਿਡ ਮਾਡਲ ਦੇ ਤਹਿਤ ਚਾਰ ਮੈਚ ਪਾਕਿਸਤਾਨ ਵਿੱਚ ਹੋਣਗੇ ਜਦਕਿ ਬਾਕੀ ਸ਼੍ਰੀਲੰਕਾ ਵਿੱਚ ਹੋਣਗੇ। ਪਿਛਲੇ ਸਾਲ ਵੀ ਏਸ਼ੀਆ ਕੱਪ ਦਾ ਆਯੋਜਨ ਯੂ. ਏ. ਈ. ਵਿੱਚ ਹੋਇਆ ਸੀ। ਪਰ ਫਿਰ ਇਹ ਟੀ-20 ਫਾਰਮੈਟ ਵਿੱਚ ਖੇਡਿਆ ਗਿਆ ਅਤੇ ਮੈਚ ਸ਼ਾਮ ਨੂੰ ਕਰਵਾਏ ਗਏ। ਸ਼ਨੀਵਾਰ ਨੂੰ ਏਸ਼ੀਆ ਕੱਪ ਦਾ ਮੈਚ ਸਿਰਫ ਇਕ ਪਾਰੀ 'ਚ ਖਤਮ ਹੋਇਆ, ਜਿਸ 'ਚ ਭਾਰਤੀ ਟੀਮ 48.5 ਓਵਰਾਂ 'ਚ 266 ਦੌੜਾਂ 'ਤੇ ਆਊਟ ਹੋ ਗਈ। ਭਾਰਤੀ ਪਾਰੀ ਦੌਰਾਨ ਵੀ ਮੀਂਹ ਕਾਰਨ ਖੇਡ ਰੋਕ ਦਿੱਤੀ ਗਈ ਅਤੇ ਟਾਸ ਵਿੱਚ ਵੀ ਦੇਰੀ ਹੋਈ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।