ਨਡਾਲ ਕੁਆਰਟਰ ਫਾਈਨਲ ''ਚ, ਜੋਕੋਵਿਚ ਬਾਹਰ

04/21/2018 3:34:15 AM

ਮੋਂਟੇ ਕਾਰਲ— ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਰੂਸ ਦੇ ਕਾਰੇਨ ਖਾਚਾਨੋਵ ਨੂੰ ਲਗਾਤਾਰ ਸੈੱਟਾਂ 'ਚ 6-3, 6-2 ਨਾਲ ਹਰਾ ਕੇ ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਪਰ ਨੋਵਾਕ ਜੋਕੋਵਿਚ ਨੂੰ ਹਾਰ ਕੇ ਬਾਹਰ ਹੋਣਾ ਪਿਆ ਹੈ।

PunjabKesari
ਮੋਂਟੇ ਕਾਰਲੋ 'ਚ ਆਪਣੇ 11ਵੇਂ ਖਿਤਾਬ ਲਈ ਖੇਡ ਰਹੇ ਨਡਾਲ ਦੀ ਕੁਆਰਟਰ ਫਾਈਨਲ 'ਚ ਜੋਕੋਵਿਚ ਨਾਲ ਟੱਕਰ ਦੀ ਉਮੀਦ ਸੀ ਪਰ ਸਰਬੀਆਈ ਖਿਡਾਰੀ ਨੂੰ ਪੰਜਵੀਂ ਸੀਡ ਆਸਟਰੀਆ ਦੇ ਥਿਏਮ ਨੇ 6-7, 6-2, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ। ਨਡਾਲ ਸਾਹਮਣੇ ਹੁਣ ਥਿਏਮ ਦੀ ਚੁਣੌਤੀ ਰਹੇਗੀ। ਸਪੈਨਿਸ਼ ਖਿਡਾਰੀ ਲਈ ਰੋਜਰ ਫੈਡਰਰ ਨੂੰ ਪਿੱਛੇ ਛੱਡ ਕੇ ਚੋਟੀ 'ਤੇ ਬਣੇ ਰਹਿਣ ਲਈ ਇਥੇ ਖਿਤਾਬ ਜਿੱਤਣਾ ਜ਼ਰੂਰੀ ਹੈ।
31 ਸਾਲਾ ਨਡਾਲ ਹਾਲਾਂਕਿ ਕਲੇਅ ਕੋਰਟ 'ਤੇ ਦੋ ਵਾਰ ਥਿਏਮ ਤੋਂ ਹਾਰ ਚੁੱਕਾ ਹੈ ਪਰ ਉਸ ਨੇ ਪਿਛਲੇ ਸਾਲ ਫ੍ਰੈਂਚ ਓਪਨ ਸੈਮੀਫਾਈਨਲ 'ਚ ਆਸਟਰੀਆਈ ਖਿਡਾਰੀ ਨੂੰ ਹਰਾਇਆ ਸੀ ਤੇ 10ਵੀਂ ਵਾਰ ਚੈਂਪੀਅਨ ਬਣਿਆ ਸੀ। ਨਡਾਲ ਰਿਕਾਰਡ 31ਵੇਂ ਮਾਸਟਰਸ ਤੇ ਕਲੇਅ ਕੋਰਟ 'ਤੇ 24ਵੇਂ ਖਿਤਾਬ ਲਈ ਖੇਡ ਰਿਹਾ ਹੈ।
ਇਸ ਤੋਂ ਪਹਿਲਾਂ ਤੀਜੀ ਸੀਡ ਅਲੈਗਜ਼ੈਂਡਰ ਜਵੇਰੇਵ ਨੇ ਤਿੰਨ ਸੈੱਟਾਂ ਦੇ ਮੁਕਾਬਲੇ 'ਚ ਹਮਵਤਨ ਜਰਮਨ ਖਿਡਾਰੀ ਜਾਨਲੇਨਾਰਡ ਸਟ੍ਰਪ ਨੂੰ 6-4, 4-6, 6-4 ਨਾਲ ਹਰਾਇਆ। ਫਰਾਂਸ ਦੇ ਰਿਚਰਡ ਗਾਸਕੇ ਨੇ ਹਾਲਾਂਕਿ ਜਵੇਰੇਵ ਦੇ ਵੱਡੇ ਭਰਾ ਮਿਸ਼ਾ ਨੂੰ 6-2, 7-5 ਨਾਲ ਹਰਾ ਕੇ ਅਲੈਗਜ਼ੈਂਡਰ ਨੂੰ ਆਪਣੇ ਭਰਾ ਨਾਲ ਖੇਡਣ ਤੋਂ ਵਾਂਝਾ ਕਰ ਦਿੱਤਾ।
ਛੇਵੀਂ ਸੀਡ ਬੈਲਜੀਅਮ ਦੇ ਡੇਵਿਡ ਗੋਫਿਨ ਨੇ ਰਾਬਰਟੋ ਬੋਤਿਸਤਾ ਅਗੁਤ ਨੂੰ 6-4, 7-5 ਨਾਲ ਹਰਾ ਕੇ ਆਖਰੀ-8 'ਚ ਜਗ੍ਹਾ ਬਣਾਈ। ਮੈਚ 'ਚ ਹਾਲਾਂਕਿ ਬਾਲ ਬੁਆਏ ਨੂੰ ਗਲਤੀ ਨਾਲ ਗੇਂਦ ਲੱਗਣ ਕਾਰਨ ਸਪੈਨਿਸ਼ ਖਿਡਾਰੀ ਨੂੰ 2500 ਯੂਰੋ ਦਾ ਜੁਰਮਾਨਾ ਝੱਲਣਾ ਪਿਆ। ਗੋਫਿਨ ਅਗਲੇ ਦੌਰ 'ਚ ਗ੍ਰੇਗੋਰ ਦਿਮਿਤ੍ਰੋਵ ਨਾਲ ਖੇਡੇਗਾ, ਜਿਸ ਨੇ ਫਿਲਿਪ ਕੋਲਸ਼੍ਰੇਬਰ ਨੂੰ 4-6, 6-3, 6-4 ਨਾਲ ਹਰਾਇਆ।
ਦੂਜੀ ਸੀਡ ਮਾਰਿਨ ਸਿਲਿਚ ਵੀ ਜਿੱਤ ਤੋਂ ਆਖਰੀ-8 'ਚ ਪਹੁੰਚਿਆ ਹੈ। ਉਸ ਨੂੰ ਮਿਲੋਸ ਰਾਓਨਿਕ ਦੇ ਸੱਟ ਕਾਰਨ ਮੈਚ ਤੋਂ ਹਟਣ 'ਤੇ ਵਾਕਓਵਰ ਮਿਲ ਗਿਆ।


Related News