ਵਿਆਹ ਨੂੰ ਬੇਹੱਦ ਨਿੱਜੀ ਰੱਖਣਾ ਚਾਹੁੰਦੇ ਨੇ ਨਡਾਲ-ਮਾਰੀਆ

10/14/2019 2:13:02 AM

ਸਪੋਰਟਸ ਡੈਸਕ -  ਸਪੇਨ ਦਾ ਟੈਨਿਸ ਸਟਾਰ ਰਾਫੇਲ ਨਡਾਲ ਆਖਿਰਕਾਰ 14 ਸਾਲ ਦੇ ਪ੍ਰੇਮ ਸਬੰਧ ਤੋਂ ਬਾਅਦ ਆਪਣੀ ਗਰਲਫ੍ਰੈਂਡ ਮਾਰੀਆ ਸਿਸਕਾ ਪੇਰੇਲੋ ਨਾਲ ਵਿਆਹ ਕਰਨ ਵਾਲਾ ਹੈ, ਜਿਹੜਾ 18 ਅਕਤੂਬਰ ਨੂੰ ਹੋਵੇਗਾ।  ਦੋਵਾਂ ਦੇ ਘਰੇਲੂ ਨਗਰ ਮਾਲੋਰਕਾ ਵਿਚ ਵਿਆਹ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਜਾਰੀ ਹਨ। ਹਾਲਾਂਕਿ ਨਿੱਜਤਾ ਪਸੰਦ ਕਰਨ ਵਾਲੇ ਦੋਵਾਂ ਸਿਤਾਰਿਆਂ ਨੇ ਵਿਆਹ ਤੇ ਮੰਗਣੀ ਨਾਲ ਜੁੜੀ ਕਿਸੇ ਵੀ ਖਬਰ ਨੂੰ ਜਨਤਕ ਨਹੀਂ ਕੀਤਾ ਸੀ।
ਇਕ ਖਬਰ ਮੁਤਾਬਕ ਨਡਾਲ ਨੇ ਪਿਛਲੇ ਸਾਲ ਮਈ ਵਿਚ ਰੋਮ ਵਿਚ ਮਾਰੀਆ ਨੂੰ ਮੰਗਣੀ ਦੀ ਅੰਗੂਠੀ ਪਹਿਨਾਈ ਸੀ। ਵਿਆਹ ਕਰਵਾਉਣ ਵਾਲੇ ਪਾਦਰੀ ਟੋਮਾ ਕਟਾਰਾ ਨੇ ਦੱਸਿਆ ਕਿ ਉਹ  ਰਾਫੇਲ ਤੇ ਉਸਦੇ ਪਰਿਵਾਰ ਨੂੰ ਕਾਫੀ ਦਿਨਾਂ ਤੋਂ ਜਾਣਦੇ ਹਨ ਪਰ ਮਾਰੀਆ ਨਾਲ ਉਸਦੀ ਪਹਿਲੀ ਮੁਲਾਕਾਤ ਹਾਲ ਹੀ ਵਿਚ ਹੋਈ ਸੀ। ਇਸ ਤੋਂ ਬਾਅਦ ਉਹ ਮਾਰੀਆ ਦੀ ਸਾਦਗੀ ਦੇ ਕਾਇਲ ਹੋ ਗਏ। ਉਸ ਨੇ ਕਿਹਾ ਇਹ ਪ੍ਰੇਮੀ ਜੋੜਾ ਜ਼ਮੀਨ ਨਾਲ ਜੁੜਿਆ ਹੈ, ਇਨ੍ਹਾਂ ਵਿਚ ਕੋਈ ਵੀ ਬਨਾਵਟ ਨਹੀਂ ਹੈ। ਇੰਝ ਦੋਵੇਂ ਜ਼ਿੰਦਗੀ ਵਿਚ ਬੇਹੱਦ ਨਿੱਜੀ ਰਹਿਣਾ ਚਾਹੁੰਦੇ ਹਨ।
30 ਸਾਲ ਦੀ ਮਾਰੀਆ ਦਾ ਕਰੀਅਰ ਤੇ ਜ਼ਿੰਦਗੀ ਨਡਾਲ ਦੇ ਆਲੇ-ਦੁਆਲੇ ਘੁੰਮਦੀ  ਹੈ। ਉਸਦਾ ਖੁਦ ਦਾ ਫੇਸਬੁੱਕ ਜਾਂ ਟਵਿਟਰ ਅਕਾਊਂਟ ਤਕ ਨਹੀਂ ਹੈ ਪਰ  ਸੋਸ਼ਲ ਮੀਡੀਆ 'ਤੇ ਨਡਾਲ ਦਾ ਫੈਨ ਪੇਜ ਉਹ ਹੀ ਚਲਾਉਂਦੀ ਹੈ। ਮਾਰੀਆ ਨੇ ਲੰਡਨ ਵਿਚ ਬਿਜ਼ਨੈੱਸ ਦੀ ਪੜ੍ਹਾਈ ਕੀਤੀ ਹੈ। ਨਡਾਲ ਦੇ ਪੈਸਿਆਂ ਦਾ ਲੈਣ-ਦੇਣ ਤੇ ਚੈਰਿਟੀ ਫਾਊਂਡੇਸ਼ਨ ਵੀ ਉਹ ਹੀ ਦੇਖਦੀ ਹੈ।


Gurdeep Singh

Edited By Gurdeep Singh