ਟੀ-20 ਵਰਲਡ ਕੱਪ ਲਈ ਕਪਤਾਨੀ ''ਤੇ ਬੋਲੇ ਨਬੀ- ਮੁਸ਼ਕਲ ਕੰਮ ਹੈ ਪਰ ਪੂਰੀ ਕੋਸ਼ਿਸ਼ ਕਰਾਂਗਾ
Friday, Oct 15, 2021 - 05:33 PM (IST)
ਦੁਬਈ- ਕੁਝ ਰੋਜ਼ ਪਹਿਲਾਂ ਹੀ ਅਫ਼ਗਾਨਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਣਾਏ ਗਏ ਮੁਹੰਮਦ ਨਬੀ ਨੇ ਸਵੀਕਾਰ ਕੀਤਾ ਕਿ ਟੀ-20 ਵਰਲਡ ਕੱਪ 'ਚ ਟੀਮ ਦੀ ਕਪਤਾਨੀ ਕਰਨਾ ਮੁਸ਼ਕਲ ਹੈ ਪਰ ਉਹ ਆਪਣੀ ਟੀਮ ਨੂੰ ਅੱਗੇ ਤਕ ਲੈ ਜਾਣ ਦੀ ਪੂਰੀ ਕੋਸ਼ਿਸ਼ ਕਰਨਗੇ। ਨਬੀ ਨੂੰ 10 ਅਕਤੂਬਰ ਨੂੰ ਅਫ਼ਗਾਨਿਸਤਾਨ ਟੀਮ ਦਾ ਕਪਤਾਨ ਬਣਾਇਆ ਗਿਆ ਕਿਉਂਕਿ ਸਟਾਰ ਹਰਫ਼ਨਮੌਲਾ ਰਾਸ਼ਿਦ ਖ਼ਾਨ ਨੇ ਇਹ ਕਹਿ ਕੇ ਕਪਤਾਨ ਬਣਨ ਤੋਂ ਇਨਕਾਰ ਕਰ ਦਿੱਤਾ ਕਿ ਟੀਮ ਦੀ ਚੋਣ ਕਰਨ ਤੋਂ ਪਹਿਲਾ ਉਸ ਦੀ ਰਾਏ ਨਹੀਂ ਲਈ ਗਈ ਸੀ।
ਇਸ 36 ਸਾਲਾ ਅਫਗਾਨੀ ਕਪਤਾਨ ਨੇ ਕਿਹਾ ਕਿ ਉਹ 2013 ਤੋਂ 2015 ਦਰਮਿਆਨ ਵੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਉਨ੍ਹਾਂ ਨੇ ਐਤਵਾਰ ਤੋਂ ਸ਼ੁਰੂ ਹੋ ਰਹੇ ਟੀ-20 ਵਰਲਡ ਕੱਪ ਤੋਂ ਪਹਿਲਾਂ ਮੀਡੀਆ ਨਾਲ ਕਾਨਫਰੰਸ ਕਾਲ 'ਚ ਕਿਹਾ, ਕਪਤਾਨੀ ਕਾਫ਼ੀ ਮੁਸ਼ਕਲ ਜ਼ਿੰਮੇਵਾਰੀ ਹੈ। ਮੈਂ ਆਪਣੇ ਵਲੋਂ ਸਰਵਸ੍ਰੇਸ਼ਠ ਕੋਸ਼ਿਸ਼ ਕਰਾਂਗਾ ਕਿ ਟੀਮ ਟੂਰਨਾਮੈਂਟ 'ਚ ਚੰਗਾ ਖੇਡੇ। ਕਪਤਾਨ ਦੇ ਤੌਰ 'ਤੇ ਖੇਡਣ ਲਈ ਕਾਫੀ ਉਤਸ਼ਾਹਤ ਹਾਂ। ਅਫਗਾਨਿਸਤਾਨ ਟੀਮ ਦਾ ਪਹਿਲਾ ਮੈਚ 25 ਅਕਤੂਬਰ ਨੂੰ ਪਹਿਲੇ ਦੌਰ ਦੀ ਕੁਆਲੀਫ਼ਾਇਰ ਟੀਮ ਦੇ ਨਾਲ ਖੇਡਣਾ ਹੈ। ਉਸ ਨੂੰ ਗਰੁੱਪ ਦੋ 'ਚ ਭਾਰਤ, ਪਾਕਿਸਤਾਨ, ਨਿਊਜ਼ੀਲੈਂਡ ਤੇ ਇਕ ਕੁਆਲੀਫ਼ਾਇਰ ਦੇ ਨਾਲ ਰਖਿਆ ਗਿਆ ਹੈ।
ਤਾਲਿਬਾਨ ਦੇ ਅਫ਼ਗਾਨਿਸਤਾਨ 'ਚ ਸੱਤਾ 'ਤੇ ਕਾਬਜ਼ ਹੋਣ ਦੇ ਬਾਵਜੂਦ ਟੀਮ ਨੇ ਵਰਲਡ ਕੱਪ 'ਚ ਜਗ੍ਹਾ ਬਣਾਈ ਹੈ। ਅਮਰੀਕੀ ਫ਼ੌਜੀਆਂ ਦੇ ਪਿੱਛੇ ਹਟਣ ਦੇ ਬਾਅਦ ਅਫਗਾਨਿਸਤਾਨ 'ਚ ਕਾਫ਼ੀ ਖ਼ੂਨ-ਖ਼ਰਾਬਾ ਤੇ ਹਿੰਸਾ ਹੋਈ। ਨਬੀ ਨੇ ਇਸ ਮਸਲੇ 'ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਸਿਰਫ਼ ਵੀਜ਼ਾ ਦਿੱਕਤਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਟੀਮ ਪਿਛਲੇ ਡੇਢ ਮਹੀਨਿਆਂ ਤੋਂ ਤਿਆਰੀ ਕਰ ਰਹੀ ਹੈ। ਵੀਜ਼ਾ ਮਾਮਲਿਆਂ 'ਚ ਕੁਝ ਦਿੱਕਤਾਂ ਆਈਆਂ ਜਿਸ ਕਾਰਨ ਖਿਡਾਰੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਛੇਤੀ ਨਹੀਂ ਜਾ ਸਕੇ। ਉਹ ਕਤਰ 'ਚ ਅਭਿਆਸ ਕਰ ਰਰੇ ਸਨ।