MI vs SRH : ਹੈਦਰਾਬਾਦ ਨੇ ਮੁੰਬਈ ਨੂੰ 3 ਦੌੜਾਂ ਨਾਲ ਹਰਾਇਆ
Tuesday, May 17, 2022 - 11:27 PM (IST)
ਸਪੋਰਟਸ ਡੈਸਕ-ਰਾਹੁਲ ਤ੍ਰਿਪਾਠੀ ਦੀਆਂ 44 ਗੇਂਦਾਂ ’ਚ 76 ਦੌੜਾਂ ਤੋਂ ਬਾਅਦ ਤੇਜ਼ ਗੇਂਦਬਾਜ਼ ਉਮਰਾਨ ਮਲਿਕ (22 ਦੌੜਾਂ ’ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਆਈ. ਪੀ. ਐੱਲ. ਦੇ ‘ਕਰੋ ਜਾਂ ਮਰੋ’ ਦੇ ਰੋਮਾਂਚਕ ਮੈਚ ਵਿਚ ਮੁੰਬਈ ਇੰਡੀਅਨਜ਼ ਵਿਰੁੱਧ 3 ਦੌੜਾਂ ਦੀ ਜਿੱਤ ਦਰਜ ਕਰਦਿਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। ਟਾਸ ਹਾਰ ਜਾਣ ਤੋਂ ਬਾਅਦ ਹੈਦਰਾਬਾਦ ਨੇ 6 ਵਿਕਟਾਂ ’ਤੇ 193 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਤੇ ਫਿਰ ਮੁੰਬਈ ਨੂੰ 20 ਓਵਰਾਂ ਵਿਚ 7 ਵਿਕਟਾਂ ’ਤੇ 190 ਦੌੜਾਂ ’ਤੇ ਰੋਕ ਦਿੱਤਾ। ਹੈਦਰਾਬਾਦ ਦੀ ਇਹ 13 ਮੈਚਾਂ ਵਿਚ ਇਹ 6ਵੀਂ ਜਿੱਤ ਹੈ ਤੇ ਉਸਦੇ 12 ਅੰਕ ਹੋ ਗਏ ਹਨ। ਹੈਦਰਾਬਾਦ ਦਾ ਇਕ ਮੈਚ ਹੋਰ ਬਚਿਆ ਹੈ। ਪਲੇਅ ਆਫ ਦੀਆਂ ਉਮੀਦਾਂ ਲਈ ਹੈਦਰਾਬਾਦ ਨੂੰ ਆਪਣਾ ਆਖਰੀ ਮੈਚ ਜਿੱਤਣਾ ਪਵੇਗਾ ਤੇ ਨਾਲ ਹੀ ਦੂਜੀਆਂ ਟੀਮਾਂ ਦੇ ਨਤੀਜਿਆਂ ’ਤੇ ਵੀ ਨਜ਼ਰ ਰੱਖਣੀ ਪਵੇਗੀ।ਇਸ ਤੋਂ ਪਹਿਲਾਂ ਤ੍ਰਿਪਾਠੀ ਨੇ ਆਪਣੀ ਪਾਰੀ ਵਿਚ 9 ਚੌਕੇ ਤੇ 3 ਛੱਕੇ ਲਾ ਕੇ ਸੈਸ਼ਨ ਵਿਚ ਆਪਣਾ ਤੀਜਾ ਅਰਧ ਸੈਂਕੜਾ ਪੂਰਾ ਕੀਤਾ। ਪ੍ਰਿਯਮ ਗਰਗ (42) ਤੇ ਨਿਕੋਲਸ ਪੂਰਨ (38) ਨੇ ਉਸਦਾ ਬਾਖੂਬੀ ਸਾਥ ਦਿੱਤਾ।
ਇਹ ਵੀ ਪੜ੍ਹੋ : PBKS vs DC : ਪੰਜਾਬ ਦੀਆਂ ਪਲੇਅ ਆਫ ਦੀਆਂ ਉਮੀਦਾਂ ਖ਼ਤਮ, ਦਿੱਲੀ ਨੇ 17 ਦੌੜਾਂ ਨਾਲ ਹਰਾਇਆ
ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ’ਤੇ ਸਨਰਾਈਜ਼ਰਜ਼ ਨੇ ਗਰਗ ਨੂੰ ਚੋਟੀਕ੍ਰਮ ਵਿਚ ਉਤਾਰਿਆ, ਜਿਸਦਾ ਫਾਇਦਾ ਮਿਲਿਆ। 21 ਸਾਲਾ ਇਸ ਬੱਲੇਬਾਜ਼ ਨੇ ਤ੍ਰਿਪਾਠੀ ਦੇ ਨਾਲ 78 ਦੌੜਾਂ ਦੀ ਸਾਂਝੇਦਾਰੀ ਕੀਤੀ। ਫਾਰਮ ਵਿਚ ਚੱਲ ਰਿਹਾ ਅਭਿਸ਼ੇਕ ਸ਼ਰਮਾ (9) ਤੀਜੇ ਹੀ ਓਵਰ ਵਿਚ ਆਊਟ ਹੋ ਗਿਆ ਸੀ। ਗਰਗ ਨੂੰ 10 ਦੇ ਸਕੋਰ ’ਤੇ ਜੀਵਨਦਾਨ ਮਿਲਿਆ, ਜਿਸਦਾ ਪੂਰਾ ਫਾਇਦਾ ਚੁੱਕ ਕੇ ਉਸ ਨੇ 26 ਗੇਂਦਾਂ ਦੀ ਆਪਣੀ ਪਾਰੀ ਵਿਚ 4 ਚੌਕੇ ਤੇ 2 ਛੱਕੇ ਲਾਏ।ਦੂਜੇ ਪਾਸੇ ’ਤੇ ਤ੍ਰਿਪਾਠੀ ਨੇ ਪੰਜਵੇਂ ਓਵਰ ਵਿਚ ਜਸਪ੍ਰੀਤ ਬੁਮਰਾਹ ਨੂੰ ਇਕ ਛੱਕਾ ਤੇ ਦੋ ਚੌਕੇ ਲਾਏ। ਤ੍ਰਿਪਾਠੀ ਤੇ ਗਰਗ ਨੇ ਪਾਵਰਪਲੇਅ ਵਿਚ 57 ਦੌੜਾਂ ਬਣਾਈਆਂ ਤੇ ਰਨ ਰੇਟ ਚੰਗੀ ਬਣਾਈ ਰੱਖੀ। ਦੋਵਾਂ ਨੇ 10 ਦੌੜਾਂ ਪ੍ਰਤੀ ਓਵਰ ਦੀ ਦਰ ਦੇ ਨਾਲ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ। ਗਰਗ ਨੂੰ ਤੇਜ਼ ਗੇਂਦਬਾਜ਼ ਰਮਨਦੀਪ ਸਿੰਘ ਨੇ ਰਿਟਰਨ ਕੈਚ ਲੈ ਕੇ ਪੈਵੇਲੀਅਨ ਭੇਜਿਆਂ।
ਇਹ ਵੀ ਪੜ੍ਹੋ : ਥਾਮਸ ਕੱਪ ਜਿੱਤਣ 'ਤੇ ਭਾਰਤੀ ਟੀਮ 'ਤੇ ਇਨਾਮਾਂ ਦੀ ਵਰਖਾ, ਖੇਡ ਮੰਤਰਾਲਾ ਅਤੇ BAI ਨੇ ਕੀਤੇ ਵੱਡੇ ਐਲਾਨ
ਪੂਰਨ ਨੇ ਰਿਲੇ ਮੈਰੇਡਿਥ ਨੂੰ 13ਵੇਂ ਓਵਰ ਵਿਚ ਲਾਂਗ ਆਨ ’ਤੇ ਲਗਾਤਾਰ ਦੋ ਛੱਕੇ ਤੇ ਡੀਪ ਬੈਕਵਰਡ ਸਕੁਐਰ ’ਤੇ ਇਕ ਛੱਕਾ ਲਾਇਆ। ਇਸ ਤੋਂ ਬਾਅਦ ਮੰਯਕ ਮਾਰਕੰਡੇ ਨੂੰ ਅਗਲੇ ਓਵਰ ਵਿਚ ਇਕ ਚੌਕਾ ਤੇ ਇਕ ਛੱਕਾ ਲੱਗਾ। ਮੁੰਬਈ ਦੇ ਗੇਂਦਬਾਜ਼ਾਂ ਨੇ 8 ਗੇਂਦਾਂ ਦੇ ਅੰਦਰ ਪੂਰਨ, ਤ੍ਰਿਪਾਠੀ ਤੇ ਐਡਨ ਮਾਰਕ੍ਰਮ (2) ਨੂੰ ਆਊਟ ਕਰ ਕੇ ਵਾਪਸੀ ਦੀ ਕੋਸ਼ਿਸ਼ ਕੀਤੀ। ਸਨਰਾਈਜ਼ਰਜ਼ ਦੇ ਕਪਤਾਨ ਕੇਨ ਵਿਲੀਅਮਸਨ 8 ਦੌੜਾਂ ਬਣਾ ਕੇ ਅਜੇਤੂ ਰਿਹਾ ਪਰ ਵੱਡੀ ਸ਼ਾਟ ਨਹੀਂ ਲਾ ਸਕਿਆ, ਜਿਸ ਨਾਲ ਟੀਮ 200 ਦੇ ਪਾਰ ਨਹੀਂ ਪਹੁੰਚ ਸਕੀ। ਆਖਰੀ ਦੋ ਓਵਰਾਂ ਵਿਚ 19 ਦੌੜਾਂ ਹੀ ਬਣੀਆਂ ਤੇ ਇਕ ਹੀ ਚੌਕਾ ਲੱਗਾ। ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਟੀਮ ਇਕ ਸਮੇਂ ਮਜ਼ਬੂਤ ਸਥਿਤੀ ਵਿਚ ਸੀ। ਉਸ ਦੇ ਕਪਤਾਨ ਰੋਹਿਤ ਸ਼ਰਮਾ (48) ਤੇ ਇਸ਼ਾਨ ਕਿਸ਼ਨ (43) ਨੇ ਪਹਿਲੀ ਵਿਕਟ ਲਈ 95 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਸ ਤੋਂ ਬਾਅਦ ਡੈਨੀਅਲ ਸੇਮਸ (15) ਤੇ ਤਿਲਕ ਵਰਮਾ (8) ਦੀਆਂ ਵਿਕਟਾਂ ਜਲਦੀ ਡਿੱਗ ਗਈਆਂ। ਅਜਿਹੇ ਸਮੇਂ ਵਿਚ ਟਿਮ ਡੇਵਿਡ ਨੇ ਮੋਰਚਾ ਸੰਭਾਲਿਆ ਤੇ ਉਸ ਨੇ 18 ਗੇਂਦਾਂ ’ਤੇ 46 ਦੌੜਾਂ ਦੀ ਪਾਰੀ ਵਿਚ 3 ਚੌਕੇ ਤੇ 4 ਛੱਕੇ ਲਾ ਕੇ ਮੁੰਬਈ ਦੀਆਂ ਮੈਚ ਜਿੱਤਣ ਦੀਆਂ ਉਮੀਦਾਂ ਜਗ੍ਹਾਈਆਂ ਪਰ ਮੰਦਭਾਗੀ ਉਹ ਰਨ ਆਊਟ ਹੋ ਗਿਆ ਤੇ ਉਸ ਤੋਂ ਬਾਅਦ ਬਾਕੀ ਬੱਲੇਬਾਜ਼ ਟੀਚੇ ਤਕ ਪਹੁੰਚ ਨਹੀਂ ਸਕੇ।
ਹੈੱਡ ਟੂ ਹੈੱਡ
ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਜ਼ ਦਰਮਿਆਨ ਖੇਡੇ ਗਏ ਪਿਛਲੇ 17 ਮੈਚਾਂ 'ਚ ਮੁੰਬਈ ਨੇ 8 ਜਿੱਤੇ ਹਨ ਜਦਕਿ 9 ਵਾਰ ਹੈਦਰਾਬਾਦ ਨੇ ਬਾਜ਼ੀ ਮਾਰੀ ਹੈ।
ਦੋਵੇਂ ਟੀਮਾਂ ਦੀਆਂ ਪਲੇਇੰਗ ਇਲੈਵਨ -
ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਪ੍ਰਿਯਮ ਗਰਗ, ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਫਜ਼ਲਹਕ ਫਾਰੂਕੀ, ਉਮਰਾਨ ਮਲਿਕ, ਟੀ ਨਟਰਾਜਨ
ਮੁੰਬਈ ਇੰਡੀਅਨਜ਼ : ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ), ਡੇਨੀਅਲ ਸੈਮਸ, ਤਿਲਕ ਵਰਮਾ, ਰਮਨਦੀਪ ਸਿੰਘ, ਟ੍ਰਿਸਟਨ ਸਟੱਬਸ, ਟਿਮ ਡੇਵਿਡ, ਸੰਜੇ ਯਾਦਵ, ਜਸਪ੍ਰੀਤ ਬੁਮਰਾਹ, ਰਿਲੇ ਮੈਰੀਡਿਥ, ਮਯੰਕ ਮਾਰਕੰਡੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।