ਵਿਸ਼ਵ ਕੱਪ ''ਚ ਇਤਿਹਾਸ ਰਚਣ ਵਾਲੀ ਟੀਮ ਦਾ ਮੋਰੱਕੋ ਨੇ ਕੀਤਾ ਸ਼ਾਨਦਾਰ ਸਵਾਗਤ
Wednesday, Dec 21, 2022 - 11:56 AM (IST)

ਰਬਾਤ (ਭਾਸ਼ਾ) : ਮੋਰੱਕੋ ਦੀ ਟੀਮ ਵਿਸ਼ਵ ਕੱਪ ਵਿੱਚ ਚੌਥੇ ਸਥਾਨ ’ਤੇ ਰਹਿਣ ਤੋਂ ਬਾਅਦ ਜਦੋਂ ਦੇਸ਼ ਪੁੱਜੀ ਤਾਂ ਉਸ ਦੇ ਸਮਰਥਕਾਂ ਨੇ ਸੜਕਾਂ ’ਤੇ ਉਤਰ ਕੇ ਜ਼ੋਰਦਾਰ ਸਵਾਗਤ ਕੀਤਾ। ਮੋਰੱਕੋ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਅਫਰੀਕੀ ਟੀਮ ਹੈ। ਉਹ ਸੈਮੀਫਾਈਨਲ ਵਿਚ ਫਰਾਂਸ ਤੋਂ ਅਤੇ ਤੀਜੇ ਸਥਾਨ ਲਈ ਖੇਡੇ ਗਏ ਪਲੇਆਫ ਮੈਚ ਵਿਚ ਕ੍ਰੋਏਸ਼ੀਆ ਤੋਂ ਹਾਰ ਗਈ ਸੀ ਪਰ ਇਸ ਦੇ ਬਾਵਜੂਦ ਸਮਰਥਕ ਉਸ ਦੀ ਵਿਸ਼ੇਸ਼ ਪ੍ਰਾਪਤੀ ਨੂੰ ਨਹੀਂ ਭੁੱਲੇ ਅਤੇ ਉਨ੍ਹਾਂ ਨੇ ਆਪਣੀ ਟੀਮ ਦੀ ਅਣਕਿਆਸੀ ਸਫਲਤਾ ਦਾ ਜਸ਼ਨ ਮਨਾਇਆ।
ਸਖ਼ਤ ਪੁਲਸ ਸੁਰੱਖਿਆ ਦੇ ਵਿਚਕਾਰ ਰਬਾਤ ਦੀਆਂ ਸੜਕਾਂ 'ਤੇ ਇੱਕ ਖੁੱਲੀ ਬੱਸ ਵਿੱਚ ਖਿਡਾਰੀਆਂ ਦੀ ਪਰੇਡ ਕੱਢੀ ਗਈ ਅਤੇ ਹਜ਼ਾਰਾਂ ਲੋਕ ਆਪਣੇ ਮਨਪਸੰਦ ਖਿਡਾਰੀਆਂ ਦੀ ਝਲਕ ਵੇਖਣ ਲਈ ਪਹੁੰਚੇ ਸਨ। ਉਨ੍ਹਾਂ ਦੇ ਹੱਥਾਂ ਵਿੱਚ ਝੰਡੇ ਸਨ ਅਤੇ ਉਹ ਗਾਉਣ ਅਤੇ ਨੱਚਣ ਵਿੱਚ ਰੁੱਝੇ ਹੋਏ ਸਨ। ਸਾਰੇ ਖਿਡਾਰੀ ਮੁਸਕਰਾ ਰਹੇ ਸਨ, ਜਦੋਂ ਉਹ ਆਪਣੇ ਕੋਚ ਵਾਲਿਦ ਰੇਗਾਰਗੁਈ ਦੇ ਨਾਲ ਸਮਰਥਕਾਂ ਦਾ ਧੰਨਵਾਦ ਕਰ ਰਹੇ ਸਨ। ਖਿਡਾਰੀਆਂ ਦੀ ਪਰੇਡ ਸ਼ਾਹੀ ਮਹਿਲ ਤੱਕ ਕੱਢੀ ਗਈ, ਜਿੱਥੇ ਰਾਜਾ ਮੁਹੰਮਦ ਪੰਜਵਾਂ ਖਿਡਾਰੀਆਂ ਨਾਲ ਇਸ ਇਤਿਹਾਸਕ ਪ੍ਰਾਪਤੀ ਦਾ ਜਸ਼ਨ ਮਨਾਉਣ ਲਈ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸੀ।