TV ਦੀ ਬਜਾਏ ਮੋਬਾਈਲ ਫੋਨ ਕ੍ਰਿਕਟ ਪ੍ਰਸ਼ੰਸਕਾਂ ਦੀ ਬਣਿਆ ਪਹਿਲੀ ਪਸੰਦ
Friday, May 19, 2023 - 03:48 PM (IST)
ਨਵੀਂ ਦਿੱਲੀ (ਵਾਰਤਾ)- ਕ੍ਰਿਕਟ ਦਾ ਆਨੰਦ ਲੈਣ ਲਈ ਘੰਟਿਆਂ ਬੱਧੀ ਟੈਲੀਵਿਜ਼ਨ ਸਕ੍ਰੀਨ 'ਤੇ ਚਿਪਕਿਆ ਰਹਿਣਾ ਹੁਣ ਬੀਤੇ ਜ਼ਮਾਨੇ ਦੀ ਗੱਲ ਹੋ ਗਈ ਹੈ। ਸਰਵੇਖਣਾਂ ਦੀ ਮੰਨੀਏ ਤਾਂ ਟੀਵੀ ਦੀ ਬਜਾਏ ਮੋਬਾਈਲ ਫੋਨ 'ਤੇ ਕ੍ਰਿਕਟ ਦਾ ਆਨੰਦ ਲੈਣ ਵਾਲੇ ਲੋਕਾਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਸਰਵੇਖਣ ਕੰਪਨੀ ਡੇਟਾ ਏਆਈ ਅਨੁਸਾਰ, ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੌਜੂਦਾ ਸੀਜ਼ਨ ਵਿੱਚ 15 ਅਪ੍ਰੈਲ ਤੋਂ 5 ਮਈ ਤੱਕ 93 ਮਿਲੀਅਨ ਦਰਸ਼ਕਾਂ ਨੇ ਟੀਵੀ 'ਤੇ ਮੈਚ ਦੇਖੇ, ਜਦੋਂ ਕਿ ਜੀਓ ਸਿਨੇਮਾ ਐਪ 'ਤੇ ਦੇਖੇ ਗਏ ਮੈਚਾਂ ਦੀ ਗਿਣਤੀ 97 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ।
ਇਸ ਸਰਵੇਖਣ ਵਿੱਚ ਹਾਲਾਂਕਿ 2 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਦਾ ਡਿਜੀਟਲ ਡਾਟਾ ਸ਼ਾਮਲ ਨਹੀਂ ਕੀਤਾ ਗਿਆ ਹੈ, ਜਦੋਂ ਕਿ ਟੀਵੀ ਨਾਲ ਸਬੰਧਤ ਡਾਟਾ ਵਿਚ ਸਾਰਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਜੇਕਰ 2 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਡਿਜੀਟਲ 'ਚ ਸ਼ਾਮਲ ਕਰ ਲਿਆ ਜਾਵੇ ਤਾਂ ਇਹ ਗਿਣਤੀ ਟੀ.ਵੀ. ਦੀ ਗਿਣਤੀ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ। ਮੋਬਾਈਲ ਫੋਨ 'ਤੇ ਮੈਚ ਦੇਖਣ ਦੇ ਕ੍ਰੇਜ਼ ਨੇ ਟੀਵੀ 'ਤੇ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਿਛਲੇ ਛੇ ਹਫ਼ਤਿਆਂ ਵਿੱਚ ਸਪੋਰਟਸ ਚੈਨਲਾਂ ਵਿੱਚ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ ਵਿੱਚ 40 ਪ੍ਰਤੀਸ਼ਤ ਦੀ ਕਮੀ ਆਈ ਹੈ।
ਪਿਛਲੇ ਆਈ.ਪੀ.ਐੱਲ. ਸੀਜ਼ਨ ਵਿੱਚ 98 ਵਿਗਿਆਪਨਕਰਤਾ ਸਨ, ਜਦੋਂ ਕਿ ਮੌਜੂਦਾ ਸੀਜ਼ਨ ਵਿੱਚ ਟੀਵੀ ਕੋਲ ਸਿਰਫ਼ 59 ਵਿਗਿਆਪਨਕਰਤਾ ਹਨ। ਦੂਜੇ ਪਾਸੇ, ਡਿਜੀਟਲ 'ਤੇ ਇਸ਼ਤਿਹਾਰ ਦੇਣ ਵਾਲਿਆਂ ਦੀ ਗਿਣਤੀ 400 ਦੇ ਕਰੀਬ ਹੈ। ਦਰਸ਼ਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਟੈਲੀਵਿਜ਼ਨ ਇਸ ਆਈ.ਪੀ.ਐੱਲ. ਸੀਜ਼ਨ ਵਿਚ 4.46 ਦੇ ਟੀਵੀਆਰ 'ਤੇ ਹੈ, ਜੋ ਪਿਛਲੇ ਛੇ ਸਾਲਾਂ ਵਿੱਚ ਹੇਠਾਂ ਤੋਂ ਦੂਜੇ ਸਥਾਨ 'ਤੇ ਹੈ। 2020 ਵਿੱਚ ਇਹ TVR 6.4 ਸੀ। ਮਈ ਵਿੱਚ ਐਕਸਿਸ ਮਾਈ ਇੰਡੀਆ ਕੰਜ਼ਿਊਮਰ ਸੈਂਟੀਮੈਂਟਸ ਇੰਡੈਕਸ ਦੇ ਨਤੀਜਿਆਂ ਦੇ ਅਨੁਸਾਰ, ਨੌਜਵਾਨ ਮੋਬਾਈਲ ਫੋਨ (ਜੀਓ ਸਿਨੇਮਾ) 'ਤੇ ਆਈ.ਪੀ.ਐੱਲ. ਦੇਖਣਾ ਪਸੰਦ ਕਰਦੇ ਹਨ। ਸਰਵੇ ਵਿਚ ਸ਼ਾਮਲ 18-25 ਸਾਲ ਦੇ 64 ਫ਼ੀਸਦੀ ਭਾਗੀਦਾਰਾਂ ਨੇ ਮੋਬਾਈਲ 'ਤੇ ਆਈ.ਪੀ.ਐੱਲ. ਦੇਖਣਾ ਪਸੰਦ ਕੀਤਾ। ਟੀਵੀ 'ਤੇ ਆਈ.ਪੀ.ਐੱਲ. ਮੈਚ ਦੀ 23 ਫ਼ੀਸਦੀ ਵਿਊਅਰਸ਼ਿਪ 2-14 ਸਾਲ ਵਰਗ ਦੀ ਹੈ, ਜਦੋਂ ਕਿ 15-21 ਉਮਰ ਸਮੂਹ ਦੇ ਸਿਰਫ 15 ਫ਼ੀਸਦੀ ਲੋਕ ਟੀਵੀ 'ਤੇ ਮੈਚ ਦੇਖਦੇ ਹਨ। 22-30 ਸਾਲ ਦੀ ਉਮਰ ਦੇ ਸਿਰਫ 18 ਫ਼ੀਸਦੀ ਲੋਕ ਹੀ ਟੀਵੀ 'ਤੇ ਮੈਚ ਦੇਖਦੇ ਹਨ।