ਮੇਸੀ ਨੇ ਫਿਰ ਕੀਤਾ ਗੋਲ, ਬਾਰਸੀਲੋਨਾ ਦੀ ਇਕ ਹੋਰ ਜਿੱਤ
Wednesday, Jun 17, 2020 - 11:03 PM (IST)

ਮੈਡ੍ਰਿਡ- ਬਾਰਸੀਲੋਨਾ ਨੇ 99 ਹਜ਼ਾਰ ਸਮਰੱਥਾ ਵਾਲੇ ਕੈਂਪ ਨੋਓ ਸਟੇਡੀਅਮ 'ਚ ਦਰਸ਼ਕਾਂ ਦੇ ਬਿਨਾ ਖੇਡੇ ਹੋਏ ਪਹਿਲੇ ਮੈਚ 'ਚ ਆਪਣੇ ਸਟਾਰ ਸਟ੍ਰਾਈਕਰ ਲਿਓਨੇਲ ਮੇਸੀ ਦੇ ਗੋਲ ਦੀ ਮਦਦ ਨਾਲ ਲੇਗਾਨੇਸ ਨੂੰ 2-0 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ 'ਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ। ਬਾਰਸੀਲੋਨਾ ਨੇ ਧੀਮੀ ਸ਼ੁਰੂਆਤ ਕੀਤੀ ਪਰ ਅਨਸੂ ਫਾਤੀ ਨੇ 42ਵੇਂ ਮਿੰਟ 'ਚ ਗੋਲ ਕਰਕੇ ਬੜ੍ਹਤ ਹਾਸਲ ਕੀਤੀ। ਇਸ ਤੋਂ ਬਾਅਦ ਮੇਸੀ ਨੇ 69ਵੇਂ ਮਿੰਟ 'ਚ ਪੈਨਲਟੀ 'ਤੇ ਗੋਲ ਕੀਤਾ ਜੋ ਵਰਤਮਾਨ ਸੈਸ਼ਨ ਵਿਚ ਲੀਗ 'ਚ ਉਸਦਾ 21ਵਾਂ ਗੋਲ ਹੈ। ਇਸ ਨਾਲ ਮੇਸੀ ਦੇ ਕਰੀਅਰ ਦੀ ਕੁੱਲ ਗੋਲਾਂ ਦੀ ਗਿਣਤੀ 699 'ਤੇ ਪਹੁੰਚ ਗਈ ਹੈ। ਇਸ ਦੇ ਵਿਚੋਂ 629 ਗੋਲ ਉਸ ਨੇ ਬਾਰਸੀਲੋਨਾ ਵਲੋਂ ਕੀਤੇ ਹਨ।
ਬਾਰਸੀਲੋਨਾ ਨੇ ਇਸ ਜਿੱਤ ਨਾਲ ਆਪਣੇ ਵਿਰੋਧੀ ਰੀਅਲ ਮੈਡ੍ਰਿਡ 'ਤੇ ਪੰਜ ਅੰਕ ਦੀ ਬੜ੍ਹਤ ਬਣਾ ਲਈ ਹੈ। ਬਾਰਸੀਲੋਨਾ ਦੇ ਹੁਣ 29 ਮੈਚਾਂ 'ਚ 64 ਅੰਕ ਜਦਕਿ ਰੀਅਲ ਦੇ 28 ਮੈਚਾਂ 'ਚ 59 ਅੰਕ ਹਨ। ਰੀਅਲ ਆਪਣਾ ਅਗਲਾ ਮੈਚ ਵੀਰਵਾਰ ਨੂੰ ਵੇਲੇਂਸੀਆ ਵਿਰੁੱਧ ਖੇਡੇਗਾ। ਮੇਸੀ ਨੇ ਇਸ ਤੋਂ ਪਹਿਲਾਂ ਲਾ ਲਿਗਾ ਦੇ ਫਿਰ ਤੋਂ ਸ਼ੁਰੂ ਹੋਣ 'ਤੇ ਮਾਲੋਰਕਾ ਦੇ ਵਿਰੁੱਧ ਬਾਰਸੀਲੋਨਾ ਦੀ 4-0 ਨਾਲ ਜਿੱਤ 'ਚ ਵੀ ਗੋਲ ਕੀਤਾ ਸੀ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਲਾ ਲਿਗਾ ਮਾਰਚ ਤੋਂ ਠੱਪ ਹੈ।
ਬਾਰਸੀਲੋਨਾ ਦੇ ਲਈ ਇਹ ਪਿਛਲੇ ਤਿੰਨ ਸਾਲ 'ਚ ਦੂਜਾ ਮੌਕਾ ਹੈ ਜਦਕਿ ਉਸ ਨੇ ਕੈਂਪ ਨੋਓ 'ਚ ਦਰਸ਼ਕਾਂ ਦੇ ਬਿਨਾ ਮੈਚ ਖੇਡਿਆ। ਉਸ ਨੇ ਇਸ ਤੋਂ ਪਹਿਲਾਂ ਦਰਸ਼ਕਾਂ ਦੇ ਬਿਨਾ ਘਰੇਲੂ ਮੈਚ ਅਕਤੂਬਰ 2017 'ਚ ਖੇਡਿਆ ਸੀ। ਜਦੋਂ ਕੈਟਾਲੋਨੀਆ ਅੰਦੋਲਨ ਦੇ ਕਾਰਨ ਦਰਸ਼ਕਾਂ ਨੂੰ ਸਟੇਡੀਅਮ 'ਚ ਆਉਣ ਦੀ ਆਗਿਆ ਨਹੀਂ ਦਿੱਤੀ ਗਈ ਸੀ। ਇਸ ਵਾਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਬਾਰਸੀਲੋਨਾ ਨੂੰ ਕੈਂਪ ਨੋਓ ਤੋਂ ਦਰਸ਼ਕਾਂ ਨੂੰ ਦੂਰ ਰੱਖਣਾ ਪਵੇਗਾ।