ਮੈਰੀਕਾਮ ਐਥਲੀਟ ਕਮਿਸ਼ਨ ਦੀ ਪ੍ਰਧਾਨ ਚੁਣੀ ਗਈ

Wednesday, Nov 16, 2022 - 01:29 PM (IST)

ਮੈਰੀਕਾਮ ਐਥਲੀਟ ਕਮਿਸ਼ਨ ਦੀ ਪ੍ਰਧਾਨ ਚੁਣੀ ਗਈ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਓਲੰਪਿਕ ਸੰਘ (ਆਈਓਏ) ਦੇ ਅਥਲੀਟ ਕਮਿਸ਼ਨ ਨੇ ਮੰਗਲਵਾਰ ਨੂੰ ਸਰਬਸੰਮਤੀ ਨਾਲ 6 ਵਾਰ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਐੱਮ.ਸੀ. ਮੈਰੀਕਾਮ ਨੂੰ ਪ੍ਰਧਾਨ ਅਤੇ ਓਲੰਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ 2022 ਦੇ ਕਈ ਤਮਗਾ ਜੇਤੂ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਨੂੰ ਉਪ-ਪ੍ਰਧਾਨ ਚੁਣਿਆ। ਇੱਥੇ ਜਾਰੀ ਬਿਆਨ ਅਨੁਸਾਰ ਆਈਓਏ ਚੋਣਾਂ ਦੇ ਰਿਟਰਨਿੰਗ ਅਫ਼ਸਰ ਉਮੇਸ਼ ਸਿਨਹਾ ਨੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਸਰਟੀਫਿਕੇਟ ਸੌਂਪਿਆ। ਕਮਿਸ਼ਨ ਨੇ 10 ਦਸੰਬਰ ਨੂੰ ਹੋਣ ਵਾਲੀ ਭਾਰਤੀ ਓਲੰਪਿਕ ਸੰਘ ਦੀ ਕਾਰਜਕਾਰੀ ਪ੍ਰੀਸ਼ਦ ਦੀ ਚੋਣ ਲਈ ਓਲੰਪਿਕ ਤਮਗਾ ਜੇਤੂ ਗਗਨ ਨਾਰੰਗ ਅਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੂੰ ਵੀ ਕਮਿਸ਼ਨ ਦੇ ਉਮੀਦਵਾਰ ਦੇ ਰੂਪ ਵਿਚ ਨਾਮਜ਼ਦ ਕੀਤਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਆਈਓਏ ਐਥਲੀਟ ਕਮਿਸ਼ਨ ਦੇ ਮੈਂਬਰ ਵਜੋਂ 10 ਖਿਡਾਰੀਆਂ ਨੂੰ ਬਿਨਾਂ ਵਿਰੋਧ ਚੁਣਿਆ ਗਿਆ।

ਮੈਰੀਕਾਮ, ਸ਼ਰਤ, ਸਿੰਧੂ ਅਤੇ ਨਾਰੰਗ ਤੋਂ ਇਲਾਵਾ ਕਮਿਸ਼ਨ ਵਿਚ ਚੁਣੇ ਗਏ 10 ਖਿਡਾਰੀਆਂ ਵਿਚ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਮਗਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ, ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ, ਹਾਕੀ ਖਿਡਾਰਨ ਰਾਣੀ ਰਾਮਪਾਲ, ਤਲਵਾਰਬਾਜ਼ ਭਵਾਨੀ ਦੇਵੀ, ਰੋਇੰਗ ਖਿਡਾਰੀ ਬਜਰੰਗ ਲਾਲ,ਸਾਬਕਾ ਸ਼ਾਟ ਪੁਟਰ ਓ ਪੀ ਕਰਹਾਨਾ ਅਤੇ ਵਿੰਟਰ ਓਲੰਪੀਅਨ ਸ਼ਿਵ ਕੇਸ਼ਵਨ ਸ਼ਾਮਲ ਹੈ। 10 ਖਿਡਾਰੀਆਂ ਵਿੱਚੋਂ ਪੰਜ ਔਰਤਾਂ ਹਨ ਅਤੇ ਸਾਰੀਆਂ ਓਲੰਪੀਅਨ ਹਨ। ਸਿਰਫ ਕੇਸ਼ਵਨ ਹੀ ਵਿੰਟਰ ਓਲੰਪੀਅਨ ਹੈ। ਸਿਰਫ਼ 10 ਖਿਡਾਰੀਆਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ ਅਤੇ ਆਈਓਏ ਚੋਣਾਂ ਦੇ ਰਿਟਰਨਿੰਗ ਅਫ਼ਸਰ ਉਮੇਸ਼ ਸਿਨਹਾ ਨੇ ਸਾਰਿਆਂ ਨੂੰ ਬਿਨਾਂ ਮੁਕਾਬਲਾ ਚੁਣੇ ਜਾਣ ਦਾ ਐਲਾਨ ਕੀਤਾ।


author

cherry

Content Editor

Related News