ਮਾਰਟਿਨ ਸਟ੍ਰੇਂਪਫਲ ਨੇ ਆਨਲਾਈਨ ਨਿਸ਼ਨੇਬਾਜ਼ੀ ਮੁਕਾਬਲਾ ਜਿੱਤਿਆ
Monday, Jun 14, 2021 - 04:59 PM (IST)
ਨਵੀਂ ਦਿੱਲੀ (ਭਾਸ਼ਾ) : ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਆਸਟ੍ਰੀਆ ਦੇ ਮਾਰਟਿਨ ਸਟ੍ਰੇਂਪਫਲ ਨੇ ਇਕ ਵਾਰ ਫਿਰ ਦਬਦਬਾ ਬਣਾਉਂਦੇ ਹੋਏ 7ਵੀਂ ਅੰਤਰਰਾਸ਼ਟਰੀ ਆਨਲਾਈਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤ ਲਿਆ। ਕੁਆਲੀਫਿਕੇਸ਼ਨ ਵਿਚ ਵਿਸ਼ਵ ਰਿਕਾਰਡ ਨਾਲੋਂ 0.2 ਅੰਕ ਜ਼ਿਆਦਾ ਜੁਟਾਉਣ ਵਾਲੇ ਮਾਰਟਿਨ ਨੇ ਐਤਵਾਰ ਰਾਤ ਫਾਈਨਲ ਵਿਚ 225.8 ਅੰਕ ਨਾਲ ਗੋਲਡ ਮੈਡਲ ਜਿੱਤਿਆ। ਉਨ੍ਹਾਂ ਨੇ ਫਾਈਨਲ ਵਿਚ ਵਿਸ਼ਵ ਰਿਕਾਰਡ ਨਾਲੋਂ 3 ਅੰਕ ਵਧੇਰੇ ਹਾਸਲ ਕੀਤੇ। ਮਾਰਟਿਨ ਨੇ ਹਾਲ ਹੀ ਵਿਚ ‘ਟੌਪਗਨ’ ਟੂਰਨਾਮੈਂਟ ਵਿਚ ਵੀ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਸਰਬੀਆ ਦੇ ਮਿਲੇਂਕੋ ਸੇਬਿਚ ਨੂੰ ਪਛਾੜ ਕੇ ਗੋਲਡ ਮੈਡਲ ਜਿੱਤਿਆ ਸੀ, ਜੋ ਦਰਸਾਉਂਦਾ ਹੈ ਕਿ ਖੇਡਾਂ ਦੇ ਮਹਾਕੁੰਭ ਤੋਂ ਪਹਿਲਾਂ ਉਹ ਸ਼ਾਨਦਾਰ ਫਾਰਮ ਵਿਚ ਹਨ।
ਐਤਵਾਰ ਨੂੰ ਮਾਰਟਿਨ ਨੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਅਤੇ ਓਲੰਪਿਕ ਲਈ ਕੁਆਈਫਾਈ ਕਰ ਚੁੱਕੇ ਅਮਰੀਕਾ ਦੇ ਲੁਕਾਸ ਕੋਜੇਨਿਸਕੀ ਨੂੰ ਪਛਾੜਿਆ, ਜਿਨ੍ਹਾਂ ਨੇ 251.5 ਅੰਕ ਜੁਟਾਏ। ਚੈਂਪੀਅਨਸ਼ਿਪ ਦਾ ਆਯੋਜਨ ਸਾਬਕਾ ਭਾਰਤੀ ਨਿਸ਼ਾਨੇਬਾਜ਼ ਸ਼ਿਗੋਨ ਸ਼ਰੀਫ ਨੇ ਕੀਤਾ। ਮੁਕਾਬਲੇ ਦਾ ਕਾਂਸੀ ਤਮਗਾ ਭਾਰਤ ਦੇ ਰੁਦਰਾਕਸ਼ ਪਾਟਿਲ (230.1) ਨੇ ਜਿੱਤਿਆ। ਉਨ੍ਹਾਂ ਨੇ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਅਮਰੀਕਾ ਦੇ ਵਿਲੀਅਮ ਸ਼ੇਨਰ (208.8) ਨੂੰ ਪਛਾੜਿਆ। ਫਾਈਨਲ ਵਿਚ ਜਗ੍ਹਾ ਬਣਾਉਣ ਵਾਲੇ 3 ਹੋਰ ਭਾਰਤੀ ਨਿਸ਼ਾਨੇਬਾਜ਼ਾਂ ਵਿਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਹਿ੍ਰਦਯ ਹਜਾਰਿਕਾ ਪੰਜਵੇਂ ਸਥਾਨ ’ਤੇ ਰਹੇ, ਜਦੋਂ ਕਿ ਜੂਨੀਅਰ ਏਸ਼ੀਆਈ ਚੈਂਪੀਅਨ ਯਸ਼ਵਰਧਨ ਅਤੇ ਯੁਵਾ ਓਲੰਪਿਕ ਖੇਡਾਂ ਦੇ ਚਾਂਦੀ ਤਮਗਾ ਜੇਤੂ ਸਾਹੂ ਮਾਨੇ ਨੇ ਕ੍ਰਮਵਾਰ 6ਵਾਂ ਅਤੇ 7ਵਾਂ ਸਥਾਨ ਹਾਸਲ ਕੀਤਾ।