ਮੁੱਕੇਬਾਜ਼ੀ : ਮਨੋਜ ਪ੍ਰੀ-ਕੁਆਰਟਰ ਫਾਈਨਲ ''ਚ, ਗੌਰਵ ਸੋਲੰਕੀ ਬਾਹਰ
Saturday, Aug 25, 2018 - 11:13 AM (IST)

ਜਕਾਰਤਾ— ਭਾਰਤ ਦੇ ਮਨੋਜ ਕੁਮਾਰ ਨੇ ਏਸ਼ੀਆਈ ਖੇਡਾਂ 2018 ਵਿਚ ਮੁੱਕੇਬਾਜ਼ੀ ਦੇ 69 ਕਿ. ਗ੍ਰਾ. ਵੈਲਟਰਵੇਟ ਵਰਗ ਵਿਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਜਿੱਤ ਹਾਸਲ ਕਰ ਕੇ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ, ਜਦਕਿ ਗੌਰਵ ਸੋਲੰਕੀ 52 ਕਿ. ਗ੍ਰਾ. ਭਾਰ ਵਰਗ ਦੇ ਫਲਾਈਵੇਟ ਵਰਗ ਵਿਚ ਰਾਊਂਡ-32 'ਚ ਹਾਰ ਕੇ ਬਾਹਰ ਹੋ ਗਿਆ।
ਏਸ਼ੀਆਈ ਖੇਡਾਂ ਵਿਚ ਭਾਰਤ ਦੇ 10 ਮੁੱਕੇਬਾਜ਼ ਉਤਰੇ ਹਨ, ਜਿਨ੍ਹਾਂ ਵਿਚੋਂ ਸੋਲੰਕੀ ਦੀ ਚੁਣੌਤੀ ਪਹਿਲੇ ਹੀ ਦੌਰ ਵਿਚ ਟੁੱਟ ਗਈ। ਸੋਲੰਕੀ ਦੀ ਹਾਰ ਤੋਂ ਬਾਅਦ ਮਨੋਜ ਨੇ ਇਸ ਨਿਰਾਸ਼ਾ ਨੂੰ ਦੂਰ ਕਰਦਿਆਂ ਭੂਟਾਨ ਦੇ ਸੇਂਗ ਵਾਂਗ ਦੀ ਨੂੰ ਇਕਤਰਫਾ ਅੰਦਾਜ਼ ਵਿਚ 5-0 ਨਾਲ ਹਰਾ ਦਿੱਤਾ। ਮਨੋਜ ਦਾ ਆਪਣੇ ਰਾਊਂਡ-16 ਮੈਚ ਵਿਚ ਹੁਣ ਕਿਰਗਿਸਤਾਨ ਦੇ ਅਬਦੁਰਖਮਾਨ ਅਬਦੁਰਖਮਾਨੋਵ ਨਾਲ ਮੁਕਾਬਲਾ ਹੋਵੇਗਾ।