ਮਨੀਸ਼ਾ ਕਲਿਆਣ, EURO CUP ਖੇਡਣ ਜਾਂ ਰਹੀ ਪਹਿਲੀ ਭਾਰਤੀ ਮਹਿਲਾ ਫੁੱਟਬਾਲਰ

Thursday, Jul 14, 2022 - 03:25 PM (IST)

ਮਨੀਸ਼ਾ ਕਲਿਆਣ, EURO CUP ਖੇਡਣ ਜਾਂ ਰਹੀ ਪਹਿਲੀ ਭਾਰਤੀ ਮਹਿਲਾ ਫੁੱਟਬਾਲਰ

ਨਵਾਂਸ਼ਹਿਰ- ਮਨੀਸ਼ਾ ਕਲਿਆਣ, ਜਿਸ ਨਾਮ ਦੇ ਆਖ਼ਰੀ ਸ਼ਬਦ "ਕਲਿਆਣ" ਨਾਲ ਮਨੀਸ਼ਾ ਦਾ ਦੂਰ ਤੱਕ ਕੋਈ ਵਾਸਤਾ ਨਹੀਂ ਹੈ, ਪਰ ਸ਼ਬਦ ਦੇ ਜੁੜਨ ਦੀ ਕਹਾਣੀ ਜ਼ਰੂਰ ਹੈ।  ਕਹਿੰਦੇ ਹਨ "ਹਿੰਮਤੇ ਮਰਦਾ, ਮੱਦਦ-ਏ ਖੁਦਾ" ਪਰ, ਇੱਥੇ ਮਰਦ ਅੱਖਰ ਦੀ ਜਗ੍ਹਾ ਔਰਤ ਦਾ ਲਿਖਿਆ ਜਾਣਾ ਸਾਰਥਕ ਏ, ਕਿਉਂਕਿ ਬੜਾ ਸੰਘਰਸ਼ ਭਰਿਆ ਸਫ਼ਰ ਏ ,, ਗ਼ੁਰਬਤ, ਪਿਤਾ ਦੀ ਗੰਭੀਰ ਸੱਟ ਜਾਂ ਹੋਰ ਤੰਗੀਆ 'ਚੋਂ ਨਿਕਲ ਕੇ ਰਾਸ਼ਟਰੀ ਟੀਮ ਦਾ ਹਿੱਸਾ ਬਣਨਾ ਅਸਾਨ ਸਫ਼ਰ ਨਹੀਂ ਸੀ। ਇਸ ਤੋਂ ਪਹਿਲਾਂ ਵੀ ਮੈਂ ਉਸ ਬਾਰੇ ਇੱਕ ਆਰਟੀਕਲ ਲਿਖਿਆ ਸੀ, ਜਦ ਪਹਿਲੀ ਵਾਰ ਅਸੀਂ ਉਸ ਨੂੰ ਮਿਲਣ ਉਸਦੇ ਪਿੰਡ ਮੁਗੋਵਾਲ ਗਏੇ ਸੀ। ਪਿੰਡ ਦਾ ਇਤਿਹਾਸ ਮਹਾਨ ਭਾਰਤੀ ਸੁਤੰਤਰਤਾ ਸੈਨਾਨੀ ਬਾਬਾ ਮੰਗੂ ਰਾਮ ਮੂਗੋਵਾਲ ਨਾਲ ਜੁੜਦਾ ਹੈ। ਮੈਨੂੰ ਯਾਦ ਹੈ ਘਰ ਦੇ ਇੱਕ ਛੋਟੇ ਜਿਹੇ ਕਮਰੇ 'ਚ ਜਿਸ ਦੇ ਦਰਵਾਜ਼ੇ 'ਚੋਂ ਲੰਘਦਿਆਂ ਸਾਨੂੰ ਆਪਣਾ ਸਿਰ ਥੱਲੇ ਕਰ ਕੇ ਲੰਘਣਾ ਪਿਆ ਸੀ। ਉਸ ਛੋਟੇ ਕਮਰੇ 'ਚ ਉਸ ਦੀ ਕੀਤੀ ਮਿਹਨਤ, ਫੁੱਟਬਾਲ ਪ੍ਰਤੀ ਉਸ ਦਾ ਜਨੂੰਨ, ਟਰਾਫੀਆਂ, ਮੈਡਲ, ਤਮਾਮ ਤਸਵੀਰਾਂ ਛੋਟੀਆਂ ਨਹੀਂ ਸਨ, ਜੋ ਉਸ ਕਮਰੇ ਦੀ ਤੰਗਦਿਲੀ ਨੂੰ ਸ਼ਰਮਿੰਦਾ ਕਰ ਕੇ ਅਸਮਾਨ 'ਚ ਫੈਲ ਜਾਣਾ ਚਾਹੁੰਦੀਆਂ ਸਨ।

ਭਾਰਤ ਵਿਚ ਫੁੱਟਬਾਲ ਵੀ ਬਾਕੀ ਖੇਡਾਂ ਦੀ ਤਰ੍ਹਾਂ ਮਰਦ ਪ੍ਰਧਾਨ ਖੇਡ ਹੈ, ਜਿਸ ਵਿੱਚ ਔਰਤਾਂ ਦੀ ਦਾਅਵੇਦਾਰੀ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ, ਜਿਸਦੇ ਕਈ ਰਾਜਸੀ ਜਾਂ ਸਮਾਜਿਕ ਕਾਰਨ ਹੋ ਸਕਦੇ ਹਨ। ਅੱਜ ਹਰ ਕੋਈ ਨਵੀਂ ਪੀੜ੍ਹੀ ਦਾ ਬੰਦਾ ਔਰਤ ਤੇ ਮਰਦ ਦੀ ਬਰਾਬਰੀ ਦੀ ਗੱਲ ਕਰਦਾ ਹੈ, ਪਰ ਕਿਤੇ ਨਾ ਕਿਤੇ ਉਹ ਵੀ ਘਰ ਦੀਆਂ ਦੀਵਾਰਾਂ ਉਚੀਆਂ ਹੀ ਚਾਹੁੰਦਾ ਹੈ। ਖੈਰ ਮਨੀਸ਼ਾ ਜੋ ਕਿ ਕਿਸੇ ਵੇਲੇ ਐਥਲੀਟ ਬਣਨ ਦੀ ਚਾਹਵਾਨ ਸੀ, ਪਰ ਇੱਕ ਕੋਚ ਦੇ ਕਹਿਣ 'ਤੇ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ। ਆਸੇ-ਪਾਸੇ ਦੇ ਪਿੰਡਾਂ ਵਿੱਚ ਕੋਈ ਵੀ ਦੂਜੀ ਕੁੜੀ ਫੁੱਟਬਾਲ ਨਹੀਂ ਖੇਡਦੀ ਸੀ। ਅਭਿਆਸ ਕਰਨ ਲਈ ਮਨੀਸ਼ਾ ਨੂੰ 20 ਕਿਲੋਮੀਟਰ ਰੋਜ਼ਾਨਾ ਸਾਇਕਲ ਚਲਾ ਕੇ ਪਾਲਦੀ ਨਾਮ ਦੇ ਸਕੂਲ ਜਾਣਾ ਪੈਂਦਾ ਸੀ, ਜਿਥੇ ਉਹ ਮੁੰਡਿਆਂ ਦੀ ਟੀਮ ਨਾਲ ਖੇਡਦੀ ਸੀ, ਕਿਉਂਕਿ ਜ਼ਿਆਦਾਤਰ ਕੁੜੀਆਂ ਦਾ ਰੁਝਾਨ ਫੁੱਟਬਾਲ ਪ੍ਰਤੀ ਨਹੀਂ ਸੀ।

ਕਿਸ਼ੋਰ ਕੁਮਾਰ ਦਾ ਇੱਕ ਗੀਤ ਹੈ "ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ", ਪਰ ਜੋ ਜਨੂੰਨ ਦੇ ਘੋੜੇ 'ਤੇ ਸਵਾਰ ਹੁੰਦੇ ਨੇ, ਉਹ ਜ਼ਿਆਦਾਤਰ ਬਹਿਰੇ ਹੁੰਦੇ ਹਨ। ਬਹੁਤਿਆਂ ਨੇ ਕਿਹਾ ਕੁੜੀ ਮੁੰਡਿਆਂ ਨਾਲ ਖੇਡਦੀ ਹੈ, ਮੁੰਡਿਆਂ ਵਰਗੇ ਵਾਲ ਰੱਖੇ ਹਨ, ਮੋਟਰਸਾਈਕਲ ਚਲਾਉਂਦੀ ਹੈ, ਵਗੈਰਾ-ਵਗੈਰਾ, ਪਰ ਮਨੀਸ਼ਾ ਦੇ ਮਾਂ ਬਾਪ ਨੇ ਹਮੇਸ਼ਾ ਉਸ ਨੂੰ ਸਪੋਰਟ ਕੀਤਾ। ਮਨੀਸ਼ਾ ਦੇ ਪਿਤਾ ਨੇ ਇੱਕ ਘਟਨਾ ਨੂੰ ਯਾਦ ਕਰਦਿਆਂ ਸਾਨੂੰ ਦੱਸਿਆ ਸੀ ਕਿ ਕਿਵੇਂ ਇੱਕ ਵਾਰ ਸਕੂਲ ਦੀ ਮੈਡਮ ਨੇ ਵੀ ਇਸ ਨੂੰ ਖੇਡਣ ਤੋਂ ਰੋਕਿਆ ਸੀ।" ਹੋਇਆ ਕੀ ਕਿ ਇੱਕ ਵਾਰ ਮਨੀਸ਼ਾ ਦੇ ਪਿਤਾ ਨੂੰ ਸਕੂਲ ਦੀ ਇੱਕ ਮੈਡਮ ਨੇ ਸਕੂਲ ਸੱਦਿਆ ਅਤੇ ਕਿਹਾ ਕਿ ਤੁਹਾਡੀ ਕੁੜੀ ਮੁੰਡਿਆਂ ਨਾਲ ਫੁੱਟਬਾਲ ਖੇਡਦੀ ਹੈ। ਤਾਂ ਉਸ ਵਕਤ ਉਹ ਮੈਡਮ ਮੁੰਡਿਆਂ ਦੀ ਕਲਾਸ ਲਗਾ ਰਹੀ ਸੀ। ਮਨੀਸ਼ਾ ਦੇ ਪਿਤਾ ਨੇ ਕਿਹਾ ਕਿ ਮੈਡਮ ਜੀ ਇਸ ਵਕਤ ਕਿੰਨੇ ਲੜਕਿਆਂ ਨੂੰ ਤੁਸੀਂ ਇਕੱਲੇ ਪੜਾ ਰਹੇ ਹੋ? ਤਾਂ ਮੈਡਮ ਨੇ ਜਵਾਬ ਦਿੱਤਾ 50 ਲੜਕਿਆਂ ਨੂੰ। ਤਾਂ ਮਨੀਸ਼ਾ ਦੇ ਪਿਤਾ ਨੇ ਕਿਹਾ ਕਿ ਜੇਕਰ ਤੁਸੀਂ ਇਕੱਲੇ 50 ਲੜਕਿਆਂ ਨੂੰ ਪੜਾ ਸਕਦੇ ਹੋ ਤਾਂ ਕੀ ਮੇਰੀ ਇਕੱਲੀ ਲੜਕੀ 10 ਮੁੰਡਿਆਂ ਨਾਲ ਨਹੀਂ ਖੇਡ ਸਕਦੀ? , ਤਾਂ ਮੈਡਮ ਕੋਲ ਕੋਈ ਜਵਾਬ ਨਹੀਂ ਸੀ ਬਚਿਆ।

ਤਮਾਮ ਮੁਸ਼ਕਿਲਾਂ ਦੇ ਬਾਵਜੂਦ ਆਖਿਰਕਾਰ ਮਹਿਜ਼ 17 ਸਾਲ ਦੀ ਉਮਰ ਵਿੱਚ ਰਾਸ਼ਟਰੀ ਟੀਮ ਲਈ ਖੇਡਣਾ ਆਸਾਨ ਨਹੀਂ ਹੁੰਦਾ। ਮਨੀਸ਼ਾ ਹੁਣ ਤੱਕ  SAFF , WAC , IWL ਵਰਗੇ ਵੱਕਾਰੀ ਟੂਰਨਾਮੈਂਟ ਅਤੇ 13 ਤੋਂ ਵੀ ਵੱਧ ਵੱਖ-ਵੱਖ ਮੁਖ਼ਤਲਿਫ਼ ਦੇਸ਼ਾਂ ਵਿੱਚ ਖੇਡ ਚੁੱਕੀ ਹੈ, ਜਿਸ ਵਿਚ ਏਸ਼ੀਆ, ਅਫਰੀਕਾ,ਯੂਰਪ ਦੇ ਨਾਮੀਂ ਦੇਸ਼ ਸ਼ਾਮਲ ਨੇ। ਸਾਲ  2019 ਵਿਚ gokulam Kerala fc ਨੂੰ IWL ਖਿਤਾਬ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ, ਜਿਸ ਲਈ ਮਨੀਸ਼ਾ ਨੂੰ 2019/20 ਦਾ best emerging player of year ਦਾ ਖਿਤਾਬ ਮਿਲਿਆ। ਸਾਲ 2021 ਵਿਚ ਮਨੀਸ਼ਾ ਨੇ ਬ੍ਰਾਜ਼ੀਲ ਦੇ ਖਿਲਾਫ ਮੈਚ ਦੇ ਸ਼ੁਰੂਆਤੀ ਸਮੇਂ ਵਿਚ ਗੋਲ ਕਰ ਕੇ ਇਤਿਹਾਸ ਰਚ ਦਿੱਤਾ ਤੇ ਬ੍ਰਾਜ਼ੀਲ ਖਿਲਾਫ ਗੋਲ ਕਰਨ ਵਾਲੀ ਪਹਿਲੀ ਭਾਰਤੀ ਫੁੱਟਬਾਲਰ ਹੋਣ ਦਾ ਮਾਣ ਹਾਸਿਲ ਕੀਤਾ। ਬ੍ਰਾਜ਼ੀਲ ਵਰਗੀ ਟੀਮ , Marta , formiga ਵਰਗੀਆਂ ਦਿੱਗਜ਼ ਖਿਡਾਰਨਾਂ ਨਾਲ ਖੇਡਣਾ ਕਾਬਲ-ਏ-ਤਾਰੀਫ਼ ਹੈ। ਇਸ ਸਾਲ ਵੀ ਮਨੀਸ਼ਾ ਨੇ gokulam Kerala fc ਨੂੰ ਖਿਤਾਬ ਜਿਤਾਉਣ ਵਿਚ ਵੱਡੀ ਭੂਮਿਕਾ ਨਿਭਾਈ, ਜਿਸ ਲਈ ਉਸਨੂੰ player of the league ਦਾ ਖਿਤਾਬ ਦਿੱਤਾ ਗਿਆ ਤੇ ਇਸ ਸਾਲ ਹੀ ਉਸਨੂੰ AIFF ਤਰਫੋਂ best women player of year ਦਾ ਖਿਤਾਬ ਦਿੱਤਾ ਗਿਆ। ਇਸ ਸਮੇਂ ਮਨੀਸ਼ਾ ਭਾਰਤੀ ਟੀਮ ਦੀ ਮੇਨ ਸਟਰਾਈਕਰ ਹੈ ਜਿਸ ਬਾਰੇ ਬਾਲਾ ਦੇਵੀ ਨੇ ਕਿਹਾ ਸੀ ਕਿ ਥੋਮਸ ਦੀ ਟੀਮ ਵਿਚ ਮਨੀਸ਼ਾ ਦੀ ਜਗ੍ਹਾ ਕੋਈ ਹੋਰ ਬਦਲ ਨਹੀਂ ਹੈ।

ਹਾਲ ਹੀ ਵਿਚ ਮਨੀਸ਼ਾ ਇੱਕ ਹੋਰ ਇਤਿਹਾਸ ਸਿਰਜਣ ਜਾ ਰਹੀ ਹੈ। ਜਦੋਂ ਅਗਸਤ ਵਿਚ ਉਹ UEFA league ਖੇਡਦੀ ਨਜ਼ਰ ਆਵੇਗੀ ਅਤੇ ਅਜਿਹਾ ਕਰਨ ਵਾਲ਼ੀ ਉਹ ਇਕਲੌਤੀ ਭਾਰਤੀ ਖਿਡਾਰਨ ਹੋਵੇਗੀ। ਮਨੀਸ਼ਾ ਨੇ Cypriot Champion club Apollon Ladies ਨਾਲ ਦੋ ਸਾਲ ਦਾ ਕਰਾਰ ਕੀਤਾ ਹੈ। ਇਹ ਸ਼ੁਰੂਆਤ ਹੈ ਭਾਰਤੀ ਫੁੱਟਬਾਲ ਨੂੰ ਉਚਾਈਆਂ 'ਤੇ ਲਿਜਾਣ ਦੀ, ਜਿਸ ਦੇ ਮਹਾਂਰਥੀ ਕਾਫ਼ੀ ਸੰਘਰਸ਼ ਵਿਚੋਂ ਨਿੱਕਲ ਕੇ ਮੰਜ਼ਿਲ 'ਤੇ ਪਹੁੰਚਦੇ ਨੇ। ਮਨੀਸ਼ਾ ਵਰਗੀਆਂ ਹੋਰ ਬਹੁਤ ਉਦਾਹਰਣਾਂ ਨੇ ਜਿਹਨਾਂ ਸਮਾਜ ਦੀ ਹਿੱਕ ਚੀਰ ਕੇ ਆਪਣੇ ਰਸਤੇ ਖੁਦ ਚੁਣੇ ਨੇ। ਅਨੀਤਾ ਕੁਮਾਰੀ FIFA cup ਖੇਡਣ ਲਈ ਚੁਣੇ ਜਾਣ ਵਾਲੀ ਲੜਕੀ, ਜਿਸ ਦੇ ਘਰ ਵਿਚ ਖਾਣ ਲਈ ਸਿਰਫ਼ ਚੋਲ ਹੀ ਸਨ, ਜਦੋਂ ਉਹ ਅਭਿਆਸ ਕਰਨ ਜਾਂਦੀ ਤਾਂ ਪਿੰਡ ਦੇ ਹੀ ਲੋਕ ਮੈਦਾਨ ਵਿਚ ਕੱਚ ਖਿਲਾਰ ਦਿੰਦੇ ਸੀ। ਝਾਰਖੰਡ ਦੀ ਪਹਿਲੀ ਆਦੀਵਾਸੀ ਲੜਕੀ ਸੁਮਿਤਾ ਕੁਮਾਰੀ ਦੀ ਕਹਾਣੀ ਹੋਵੇ ਜਾਂ ਮਨੀਸ਼ਾ ਪਾਨਾ ਜਿਸਦੇ ਪਰਿਵਾਰ ਵਿਚ ਬਚੀ ਇਕਲੌਤੀ ਦਾਦੀ ਦੀ ਪ੍ਰੇਰਣਾ ਸਦਕਾ ਮੈਦਾਨ ਵਿਚ ਕੁੱਦਣਾ ਹੋਵੇ। ਬੜੀਆਂ ਜਾਂਬਾਜ਼ ਫੁੱਟਬਾਲਰਾਂ ਨੇ ਪਰ ਅਫਸੋਸ ਉਹ ਅੱਜ ਵੀ ਗੁਮਨਾਮੀ ਵਿਚ ਨੇ।

ਫੈਡਰੇਸ਼ਨ ਜਾਂ ਖੇਡ ਮੰਤਰਾਲਾ ਦਾ ਗਿਣਿਆ ਮਿਥਿਆ ਹੀ ਧਿਆਨ ਇਸ ਪਾਸੇ ਵੱਲ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਸ਼ਮੀਰ ਦੀ ਇੱਕ ਲੜਕੀ ਅਫਸਾਨ ਜੋ ਪੱਥਰਵਾਜ ਤੋਂ ਫੁੱਟਬਾਲਰ ਬਣੀ ਨਾਲ ਫੋਨ 'ਤੇ ਗੱਲ ਕਰਦੇ ਨੇ ਪਰ ਅਗਲੇ ਹੀ ਪਲ ਖੇਡ ਮੰਤਰਾਲਾ ਫੁੱਟਬਾਲ 'ਤੇ ਆਪਣੇ ਫੰਡ ਨੂੰ 30 ਕਰੋੜ ਤੋਂ 5 ਕਰੋੜ ਕਰ ਦਿੰਦੇ ਹੈ, ਗੱਲ ਹਜ਼ਮ ਨਹੀਂ ਹੋਈ। ਹੋਰ ਸੁਣੋਂ ਇਸ ਸਾਲ ਵੂਮੈਨ ਏਸ਼ੀਆ ਕੱਪ ਜੋ ਭਾਰਤ ਵਿਚ ਹੋਇਆ, ਮਜ਼ੇਦਾਰ ਗੱਲ ਭਾਰਤ ਹੀ ਇਸ ਵਿਚ ਦਰਸ਼ਕ ਸੀ। ਮਤਲਬ ਪੂਰੀ ਟੀਮ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਟੂਰਨਾਮੈਂਟ ਵਿਚੋਂ ਬਾਹਰ, ਸ਼ਰਮ ਆਉਣੀ ਚਾਹੀਦੀ AIFF ਦੀ ਕਾਰਗੁਜ਼ਾਰੀ 'ਤੇ। ਇਸ ਗੱਲ ਤੋਂ ਨਾਰਾਜ਼ ਹੈੱਡ ਕੋਚ ਥਾਮਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ "ਉਹ ਭਾਰਤ ਵਿਚ ਕ੍ਰਿਸਮਸ ਦੀਆਂ ਛੁੱਟੀਆਂ 'ਤੇ ਨਹੀਂ ਆਏ"। ਫੇਰ Dalima chhibber ਨੂੰ ਇਹ ਕਹਿਣਾ ਨਾਂ ਪੈਦਾ ਕਿ "No future for women football in India"। ਲੜਕਿਆਂ ਦੀ ਨੈਸ਼ਨਲ ਟੀਮ ਦੇ ਹੈੱਡ ਕੋਚ Igor Stimac ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ "ਫੁੱਟਬਾਲ ਦੇ ਕੈਲੰਡਰ ਨੂੰ ਕ੍ਰਿਕਟ 'ਤੇ depend ਨਹੀਂ ਹੋਣਾ ਚਾਹੀਦਾ"!

ਭਾਰਤ ਵਿਚ ਫੁੱਟਬਾਲ ਦਾ ਇਤਿਹਾਸ ਬਹੁਤ ਪੁਰਾਣਾ ਹੈ। ਕੋਈ ਸਮਾਂ ਸੀ ਜਦੋਂ 1948 ਦੇ ਉਲੰਪਿਕ ਵਿਚ ਭਾਰਤੀ ਟੀਮ ਨੰਗੇ ਪੈਰੀਂ ਖੇਡਦੀ ਸੀ ਤਾਂ ਮੈਚ ਖ਼ਤਮ ਹੋਣ ਤੋਂ ਬਾਅਦ ਭਾਰਤੀ ਕਪਤਾਨ ਨੂੰ ਜਦ ਸਵਾਲ ਪੁਛਿਆ ਗਿਆ ਕਿ ਉਹ ਨੰਗੇ ਪੈਰੀਂ ਕਿਉਂ ਖੇਡਦੇ ਹਨ ਤਾਂ ਉਸਦਾ ਜਵਾਬ ਸੀ ਕਿ " we play football, not bootball "। ਸਾਲ 1956 ਵਿਚ ਸੈਮੀਫਾਈਨਲ ਪਹੁੰਚਣ ਵਾਲੀ ਪਹਿਲੀ ਏਸ਼ੀਆਈ ਟੀਮ ਸੀ ਭਾਰਤ। ਜਰਨੈਲ ਪਨਾਮ ਸਿੰਘ ਨੂੰ ਕੋਣ ਨਹੀਂ ਜਾਣਦਾ, ਏਸ਼ੀਆ ਦਾ ਧਾਕੜ ਮਿਡਫੀਲਡਰ ਜਿਸ ਬਾਰੇ FIFA ਨੇ ਕਿਹਾ ਸੀ ਕਿ ਜੇਕਰ ਉਹ world football team ਬਨਾਉਣਗੇ ਤਾਂ ਜਰਨੈਲ ਨੂੰ ਮਿਡਫੀਲਡਰ ਲੈਣਗੇ। ਸੁਨੀਲ ਛੇਤਰੀ ਦੁਨੀਆ ਦਾ ਤੀਜੇ ਨੰਬਰ ਦਾ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਵਾਲਾ ਖਿਡਾਰੀ, ਜਿਸ ਤੋਂ ਉਪਰ ਰੋਨਾਲਡੋ ਅਤੇ ਮੈਸੀ ਨੇ। ਮਤਲਬ ਕਿ ਯੋਗਤਾ ਬਹੁਤ ਹੈ ਪਰ ਸਰਕਾਰ ਦਾ ਸਮਰਥਨ ਖਿਡਾਰੀਆਂ ਵੱਲ ਨਹੀਂ, ਜਿਸ ਦਾ ਨਤੀਜਾ ਕਿ 60 ਸਾਲ ਤੋਂ ਉਪਰ ਹੋ ਚੁੱਕੇ ਨੇ ਭਾਰਤ ਓਲੰਪਿਕ ਜਾਂ ਵਰਲਡ ਕੱਪ ਲਈ ਕੁਆਲੀਫਾਈ ਵੀ ਨਹੀਂ ਕਰ ਸਕਿਆ।

ਆਖ਼ਰ ਵਿਚ ਹਰ ਭਾਰਤੀ ਦਾ ਇਹ ਸੁਫ਼ਨਾ ਕਿ ਉਹ ਭਾਰਤ ਨੂੰ ਓਲੰਪਿਕ ਜਾਂ ਵਰਲਡ ਕੱਪ ਖੇਡਦਾ ਦੇਖੇ, ਜਿਸ ਤਰ੍ਹਾਂ ਮਨੀਸ਼ਾ ਵਰਗੀਆਂ ਬੱਚੀਆਂ ਸੰਘਰਸ਼ ਕਰ ਰਹੀਆਂ ਨੇ ਅੰਤਰਰਾਸ਼ਟਰੀ ਪੱਥਰ 'ਤੇ ਆਪਣੀ ਪਛਾਣ ਬਣਾ ਰਹੀਆਂ ਨੇ। ਮੈਨੂੰ ਲੱਗਦਾ ਹੈ ਕਿ ਇਹ ਸੋਕਾ ਜਲਦ ਖ਼ਤਮ ਹੋਣ ਵਾਲਾ ਹੈ। ਇੱਕ ਸਵਾਲ ਦੇ ਜਵਾਬ ਵਿਚ ਮਨੀਸ਼ਾ ਨੇ ਕਿਹਾ ਸੀ ਕਿ ਆਪਣੇ ਦੇਸ਼ ਦੇ ਲਈ ਖੇਡਣਾ ਉਸਦਾ ਪਹਿਲਾ ਸੁਫ਼ਨਾ ਸੀ, ਪਰ ਦੂਜਾ ਸੁਫ਼ਨਾ ਉਸ ਦਾ ਆਪਣੀ ਟੀਮ ਨੂੰ ਵਰਲਡ ਕੱਪ ਖੇਡਦੇ ਦੇਖਣਾ ਹੈ। ਆਪਣੀ ਜ਼ਮੀਨ ਨਾਲ ਇਸ ਕਦਰ ਜੁੜੀ ਹੋਈ ਹੈ ਕਿ ਅੱਜ ਵੀ ਜਦੋਂ ਪਿੰਡ ਆਉਂਦੀ ਹੈ ਤਾਂ ਆਪਣੇ ਪਿੰਡ ਦੇ ਮੁੰਡਿਆਂ ਦੀ ਟੀਮ ਨਾਲ ਘਰੇਲੂ ਟੂਰਨਾਮੈਂਟ ਖੇਡਦੀ ਹੈ। ਪੂਰੇ ਦੇਸ਼ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ। ਮੇਰੇ ਖੇਤਰ ਵਿਚੋਂ ਹੋਣ ਕਰਕੇ ਸਾਨੂੰ ਮਾਣ ਹੈ। ਇਸ ਤਰ੍ਹਾਂ ਹੀ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੇ ਜਾਓ, ਇਤਿਹਾਸ ਘੜਦੇ ਜਾਓ । ਤੁਹਾਡਾ ਸੰਘਰਸ਼ ਪ੍ਰਸਿੱਧੀ ਦਾ ਹੱਕਦਾਰ ਹੈ, ਕਿਉਂਕਿ ਤੁਸੀਂ ਇਸ ਨੂੰ ਮੰਗਿਆ ਨਹੀਂ ਸਗੋਂ ਕਮਾਇਆ ਹੈ। ਸ਼ਾਬਾਸ਼ ਭੈਣੇ ਤੁਸੀਂ ਇਕ ਅਜਿਹਾ ਕੀਰਤੀਮਾਨ ਸਥਾਪਿਤ ਕਰ ਰਹੇ ਹੋ ਜੋ ਪ੍ਰੇਰਨਾ-ਸਰੋਤ ਰਹੇਗਾ। ਉਹਨਾਂ ਕੁੜੀਆਂ ਲਈ ਜੋ ਖੇਡਣਾ ਤਾਂ ਚਾਹੁੰਦੀਆਂ ਹਨ ਪਰ ਪਤਾ ਨਹੀਂ ਕਿਉਂ ਘਰ ਦੀ ਚਾਰਦੀਵਾਰੀ ਵਿਚ ਕੈਦ ਹੋ ਕੇ ਰਹਿ ਜਾਂਦੀਆਂ ਹਨ।

ਮਨੀ ਲਿਖਾਰੀ 


author

cherry

Content Editor

Related News