ਮਲੇਸ਼ੀਆ ਓਪਨ : ਭਾਰਤੀ ਬੈਡਮਿੰਟਨ ਖਿਡਾਰੀਆਂ ਦੀਆਂ ਨਜ਼ਰਾਂ ਸੈਸ਼ਨ ਦੀ ਚੰਗੀ ਸ਼ੁਰੂਆਤ ’ਤੇ
Tuesday, Jan 10, 2023 - 02:05 PM (IST)
ਕੁਆਲਾਲੰਪੁਰ (ਭਾਸ਼ਾ)– ਸੱਟ ਦੇ ਕਾਰਨ 5 ਮਹੀਨਿਆਂ ਬਾਅਦ ਪਰਤ ਰਹੀ ਪੀ. ਵੀ. ਸਿੰਧੂ ਤੋਂ ਇਲਾਵਾ ਐੱਸ. ਐੱਸ. ਪ੍ਰਣਯ ਤੇ ਲਕਸ਼ੈ ਸੇਨ ਵਰਗੇ ਚੋਟੀ ਦੇ ਖਿਡਾਰੀ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਲੇਸ਼ੀਆ ਓਪਨ ਵਿਚ ਜਿੱਤ ਦੇ ਨਾਲ ਸੈਸ਼ਨ ਦਾ ਆਗਾਜ਼ ਕਰਨਾ ਚਾਹੁਣਗੇ। ਪਿਛਲੇ ਸਾਲ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਭਾਰਤੀ ਖਿਡਾਰੀਆਂ ਨੇ ਉਮੀਦਾਂ ਜਗਾਈਆਂ ਹਨ।
ਪੈਰਿਸ ਓਲੰਪਿਕ 2024 ਲਈ ਕੁਆਲੀਫਿਕੇਸ਼ਨ ਵੀ ਮਈ ਵਿਚ ਸ਼ੁਰੂ ਹੋ ਰਿਹਾ ਹੈ। ਭਾਰਤੀ ਖਿਡਾਰੀਆਂ ਦਾ ਸਾਹਮਣਾ 1,250,000 ਡਾਲਰ ਦੀ ਇਨਾਮੀ ਰਾਸ਼ੀ ਦੇ ਸੁਪਰ 1000 ਟੂਰਨਾਮੈਂਟ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਵਿਕਟਰ ਐਕਸੇਲਸੇਨ, ਮਲੇਸ਼ੀਆ ਦੇ ਲੀ ਜਿ ਜਿਆ, ਜਾਪਾਨ ਦੀ ਅਕਾਨੇ ਯਾਮਾਗੁਚੀ ਤੇ ਚੀਨੀ ਤਾਈਪੇ ਦੀ ਤਾਈ ਜੂ ਯਿੰਗ ਨਾਲ ਹੋਵੇਗਾ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਗਿੱਟੇ ਦੀ ਸੱਟ ਤੋਂ ਬਾਅਦ ਵਾਪਸੀ ਕਰ ਰਹੀ ਹੈ। ਉਹ ਪਹਿਲੇ ਦੌਰ ਵਿਚ ਸਪੇਨ ਦੀ ਸਾਬਕਾ ਵਿਸ਼ਵ ਚੈਂਪੀਅਨ ਕੈਰੋਲਿਨਾ ਮਾਰਿਨ ਨਾਲ ਭਿੜੇਗੀ। ਸਿੰਧੂ ਨੇ ਆਖਰੀ ਮੈਚ ਅਗਸਤ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਖੇਡਿਆ ਸੀ। ਮਾਰਿਨ ਦਾ ਸਿੰਧੂ ਵਿਰੁੱਧ ਰਿਕਾਰਡ 9-5 ਦਾ ਰਿਹਾ ਹੈ।
ਪੁਰਸ਼ ਸਿੰਗਲਜ਼ ਵਿਚ ਦੁਨੀਆ ਦਾ 10ਵੇਂ ਨੰਬਰ ਦਾ ਖਿਡਾਰੀ ਸੇਨ ਪਹਿਲੇ ਦੌਰ ਵਿਚ ਦੁਨੀਆ ਦੇ 8ਵੇਂ ਨੰਬਰ ਦੇ ਖਿਡਾਰੀ ਭਾਰਤ ਦੇ ਹੀ ਪ੍ਰਣਯ ਨਾਲ ਭਿੜੇਗਾ। ਉੱਥੇ ਹੀ ਦੁਨੀਆ ਦਾ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦਾ ਸਾਹਮਣਾ ਪਹਿਲੇ ਮੈਚ ਵਿਚ ਜਾਪਾਨ ਦੇ ਗੈਰ ਦਰਜਾ ਪ੍ਰਾਪਤ ਕੇਂਤਾ ਨਿਸ਼ਿਮੋਤੋ ਨਾਲ ਹੋਵੇਗਾ। ਇਸ ਵਿਚ ਜਿੱਤਣ ’ਤੇ ਉਸਦਾ ਸਾਹਮਣਾ ਪੰਜਵਾਂ ਦਰਜਾ ਪ੍ਰਾਪਤ ਜੋਨਾਥਨ ਕ੍ਰਿਸਟੀ ਨਾਲ ਹੋ ਸਕਦਾ ਹੈ। ਪੁਰਸ਼ ਡਬਲਜ਼ ਵਿਚ ਦੁਨੀਆ ਦੀ ਪੰਜਵੇਂ ਨੰਬਰ ਦੀ ਜੋੜੀ ਸਾਤਵਿਕ ਸਾਈਂਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦਾ ਸਾਹਮਣਾ ਪਹਿਲੇ ਦੌਰ ਵਿਚ ਦੱਖਣੀ ਕੋਰੀਆ ਦੇ ਚੋਈ ਸੋਲ ਯੂ ਤੇ ਕਿਮ ਵਾਨ ਹੋ ਨਾਲ ਹੋਵੇਗਾ।
ਮਹਿਲਾ ਸਿੰਗਲਜ਼ ਵਿਚ ਸਾਈਨਾ ਨੇਹਵਾਲ, ਆਕਰਸ਼ੀ ਕਸ਼ਯਪ ਤੇ ਮਾਲਵਿਕਾ ਬੰਸੋਡ ਵੀ ਖੇਡ ਰਹੀ ਹੈ। ਸਾਇਨਾ ਦਾ ਸਾਹਮਣਾ ਚੀਨ ਦੀ ਗੈਰ ਦਰਜਾ ਪ੍ਰਾਪਤ ਹਾਨ ਯੂਈ ਨਾਲ ਹੋਵੇਗਾ ਜਦਕਿ ਆਕਰਸ਼ੀ ਚੀਨੀ ਤਾਈਪੇ ਦੀ ਸੂ ਵੇਨ ਚਿ ਨਾਲ ਤੇ ਮਾਲਵਿਕਾ ਕੋਰੀਆ ਦੀ ਅਨ ਸਿ ਯੰਗ ਨਾਲ ਖੇਡੇਗੀ। ਮਹਿਲਾ ਡਬਲਜ਼ ਵਿਚ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਗਾਇਤਰੀ ਗੋਪੀਚੰਦ ਤੇ ਤ੍ਰਿਸ਼ਾ ਜੌਲੀ ਦਾ ਸਾਹਮਣਾ ਹਾਂਗਕਾਂਗ ਦੀ ਯੁੰਗ ਏਂਗਾ ਤਿੰਗ ਤੇ ਯੁੰਗ ਪੂਈ ਲਾਮ ਨਾਲ ਹੋਵੇਗਾ ਜਦਕਿ ਅਸ਼ਵਿਨੀ ਭੱਟ ਤੇ ਸ਼ਿਖਾ ਗੌਤਮ ਦੀ ਟੱਕਰ ਥਾਈਲੈਂਡ ਦੀ ਐੱਸ. ਪਾਏਵਸਾਮਪ੍ਰਾਨ ਤੇ ਪੁਤਿਤਾ ਸੁਪਜਿਰਾਕੁਲ ਨਾਲ ਹੋਵੇਗੀ। ਮਿਕਸਡ ਡਬਲਜ਼ ਵਿਚ ਈਸ਼ਾਨ ਭਟਨਾਗਰ ਤੇ ਤਨੀਸ਼ਾ ਕ੍ਰਾਸਟੋ ਦਾ ਸਾਹਮਣਾ ਨੀਦਰਲੈਂਡ ਦੇ ਰੌਬਿਨ ਟੀ ਤੇ ਸੇਲੇਨਾ ਪੀਕ ਨਾਲ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।