ਲੋਕਪਾਲ ਨੇ ਰਜਤ ਸ਼ਰਮਾ ਦਾ ਅਸਤੀਫਾ ਕੀਤਾ ਨਾਮਨਜ਼ੂਰ

11/19/2019 1:45:01 AM

ਨਵੀਂ ਦਿੱਲੀ- ਦਿੱਲੀ ਅਤੇ ਜ਼ਿਲਾ ਕ੍ਰਿਕਟ ਐਸੋਸੀਏੇਸ਼ਨ (ਡੀ. ਡੀ. ਸੀ. ਏ.) ਦੇ ਲੋਕਪਾਲ ਨੇ ਡੀ. ਡੀ. ਸੀ. ਏ. ਦੇ ਮੁਖੀ ਰਜਤ ਸ਼ਰਮਾ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ ਤੇ ਉਸ ਨੂੰ ਅਗਲੀ ਸੁਣਵਾਈ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣ ਨੂੰ ਕਿਹਾ ਹੈ।
ਸ਼ਰਮਾ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਚਾਨਕ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਪੇਸ਼ੇ ਤੋਂ ਪੱਤਰਕਾਰ ਸ਼ਰਮਾ ਨੇ ਆਪਣੇ ਅਸਤੀਫੇ ਵਿਚ ਕਿਹਾ ਸੀ, ''ਮੈਂ ਆਪਣੇ ਕਾਰਜਕਾਲ ਦੌਰਾਨ ਕਈ ਪ੍ਰੇਸ਼ਾਨੀਆਂ ਤੇ ਵਿਰੋਧਾਂ ਦਾ ਸਾਹਮਣਾ ਕੀਤਾ ਪਰ ਫਿਰ ਵੀ ਆਪਣਾ ਕਰਤੱਵ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਸਿਰਫ ਇਕ ਟੀਚੇ ਦੇ ਨਾਲ ਕੰਮ ਕਰਦਾ ਰਿਹਾ ਕਿ ਮੈਂਬਰਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਅਤੇ ਖੇਡ ਦਾ ਵਿਕਾਸ ਹਮੇਸ਼ਾ ਮੇਰੇ ਲਈ ਸਭ ਤੋਂ ਉੱਪਰ ਰਿਹਾ ਪਰ ਮੈਨੂੰ ਮਜਬੂਰਨ ਅਸਤੀਫਾ ਦੇਣਾ ਪੈ ਰਿਹਾ ਹੈ।''
ਉਸ ਨੇ ਹੁਣ ਡੀ. ਡੀ. ਸੀ. ਏ. ਦੇ ਮੈਂਬਰਾਂ ਨੂੰ ਲਿਖੇ ਪੱਤਰ ਵਿਚ ਕਿਹਾ, ''ਕੁਝ ਮੈਂਬਰਾਂ ਨੇ ਮਾਣਯੋਗ ਲੋਕਪਾਲ ਨਾਲ ਸੰਪਰਕ ਕੀਤਾ ਸੀ, ਜਿਸ ਨੇ 17 ਨਵੰਬਰ ਦੇ ਆਪਣੇ ਆਖਰੀ ਹੁਕਮਾਂ ਵਿਚ ਮੇਰੇ ਅਸਤੀਫੇ ਨੂੰ ਫਿਲਹਾਲ ਰੋਕ ਦਿੱਤਾ ਹੈ ਅਤੇ ਮੈਨੂੰ ਅਹੁਦੇ 'ਤੇ ਬਣੇ ਰਹਿਣ ਨੂੰ ਕਿਹਾ ਹੈ। ਲੋਕਪਾਲ ਨੇ ਇਸ ਮਾਮਲੇ ਵਿਚ ਸੁਣਵਾਈ ਲਈ 27 ਨਵੰਬਰ ਦੀ ਮਿਤੀ ਤੈਅ ਕੀਤੀ ਹੈ।''
ਸ਼ਰਮਾ ਨੇ ਕਿਹਾ, ''ਲੋਕਪਾਲ ਦੇ ਹੁਕਮਾਂ ਦੇ ਤਹਿਤ ਮੈਂ ਤੁਰੰਤ ਪ੍ਰਭਾਵ ਨਾਲ ਡੀ. ਡੀ. ਸੀ. ਏ. ਦੇ ਮੁਖੀ ਦਾ ਕਾਰਜਭਾਰ ਸੰਭਾਲ ਲਿਆ ਹੈ ਅਤੇ ਮੈਂ ਸਾਰੇ ਮੈਂਬਰਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਡੀ. ਡੀ. ਸੀ. ਏ. ਨੂੰ ਈਮਾਨਦਾਰੀ ਤੇ ਪਾਰਦਰਸ਼ੀ ਤਰੀਕੇ ਨਾਲ ਚਲਾਉਣ ਵਿਚ ਮੇਰਾ ਸਹਿਯੋਗ ਕਰੋ। ਤਾਜ਼ਾ ਘਟਨਾਕ੍ਰਮਾਂ ਦੇ ਮੱਦੇਨਜ਼ਰ ਮੇਰੀ ਸਹਿਮਤੀ ਦੇ ਬਿਨਾਂ ਸਰਵਉੱਚ ਪ੍ਰੀਸ਼ਦ ਦੀ ਮੀਟਿੰਗ ਨਹੀਂ ਬੁਲਾਈ ਜਾ ਸਕੇਗੀ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਨਾ ਤਾਂ ਸਰਵਉੱਚ ਪ੍ਰੀਸ਼ਦ ਦੀ ਮੀਟਿੰਗ ਬੁਲਾਓ ਅਤੇ ਨਾ ਹੀ ਅਜਿਹੀ ਕਿਸੇ ਮੀਟਿੰਗ ਵਿਚ ਹਿੱਸਾ ਲਓ, ਜਿਸ ਨੂੰ ਮੇਰੀ ਸਹਿਮਤੀ ਨਾ ਹੋਵੇ।''
ਉਸ ਨੇ ਨਾਲ ਹੀ ਕਿਹਾ, ''ਮੈਨੂੰ ਪਤਾ ਲੱਗਾ  ਹੈ ਕਿ ਸਰਵਉੱਚ ਪ੍ਰੀਸ਼ਦ ਦੀ ਮੀਟਿੰਗ ਲਈ ਨੋਟਿਸ ਕੁਝ ਚੋਣਵੇਂ ਮੈਂਬਰਾਂ ਨੂੰ ਭੇਜਿਆ ਗਿਆ ਹੈ ਕਿ ਇਹ ਮੀਟਿੰਗ 19 ਨਵੰਬਰ ਨੂੰ ਸ਼ਾਮ ਸਾਢੇ 7 ਵਜੇ ਆਯੋਜਿਤ ਹੋ ਰਹੀ ਹੈ, ਜਿਸ ਵਿਚ ਕੁਝ ਮੁੱਦਿਆਂ 'ਤੇ ਗੱਲ ਹੋਣੀ ਹੈ। ਲੋਕਪਾਲ ਦੇ ਨਵੇਂ ਹੁਕਮਾਂ ਦੇ ਤਹਿਤ ਅਜਿਹੀ ਕਿਸੇ ਮੀਟਿੰਗ ਨੂੰ ਬੁਲਾਉਣ ਦਾ ਕੋਈ ਤੁਕ ਨਹੀਂ ਹੈ। ਮੈਂ ਹੁਣ ਨਿਰਦੇਸ਼ ਦਿੰਦਾ ਹਾਂ ਕਿ ਸਰਵਉੱਚ ਪ੍ਰੀਸ਼ਦ ਦੀ ਅਜਿਹੀ ਕੋਈ ਵੀ ਮੀਟਿੰਗ ਰੱਦ ਸਮਝੀ ਜਾਵੇ।''


Gurdeep Singh

Content Editor

Related News