ਕੋਪਾ ਅਮਰੀਕਾ : ਮੈਸੀ ਦੀ ਅਰਜਨਟੀਨਾ ਨੂੰ ਚਿਲੀ ਨੇ ਡਰਾਅ ’ਤੇ ਰੋਕਿਆ
Tuesday, Jun 15, 2021 - 08:58 PM (IST)
ਸਪੋਰਟਸ ਡੈਸਕ- ਲਿਓਨਲ ਮੈਸੀ ਦੇ ਫ੍ਰੀ ਕਿੱਕ 'ਤੇ ਸ਼ਾਨਦਾਰ ਗੋਲ ਦੇ ਬਾਵਜੂਦ ਚਿਲੀ ਨੇ ਕੋਪਾ ਅਮਰੀਕਾ ਫੁੱਟਬਾਲ ਦੇ ਪਹਿਲੇ ਮੈਚ ਵਿਚ ਅਰਜਨਟੀਨਾ ਨੂੰ 1-1 ਨਾਲ ਡਰਾਅ 'ਤੇ ਰੋਕਿਆ। ਨਿਲਟਨ ਸਾਂਤੋਸ ਸਟੇਡੀਅਮ 'ਤੇ ਖੇਡੇ ਗਏ ਇਸ ਮੈਚ ਤੋਂ ਪਹਿਲਾਂ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਦਾ 60 ਸਾਲ ਦੀ ਉਮਰ ਵਿਚ ਨਵੰਬਰ ਵਿਚ ਦੇਹਾਂਤ ਹੋ ਗਿਆ ਸੀ। ਇਸ ਮਹੀਨੇ ਦੇ ਆਖ਼ਰ ਵਿਚ 34 ਸਾਲ ਦੇ ਹੋ ਰਹੇ ਮੈਸੀ ਕੋਲ ਸ਼ਾਇਦ ਕੋਪਾ ਅਮਰੀਕਾ ਦੇ ਰੂਪ ਵਿਚ ਅਰਜਨਟੀਨਾ ਲਈ ਖ਼ਿਤਾਬ ਜਿੱਤਣ ਦਾ ਆਖ਼ਰੀ ਮੌਕਾ ਹੈ। ਉਨ੍ਹਾਂ ਨੇ ਪਹਿਲੇ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਰਾਸ਼ਟਰੀ ਟੀਮ ਲਈ ਖ਼ਿਤਾਬ ਜਿੱਤਣਾ ਉਨ੍ਹਾਂ ਦਾ ਸਭ ਤੋਂ ਵੱਡਾ ਸੁਪਨਾ ਹੈ।
ਬਾਰਸੀਲੋਨਾ ਲਈ ਉਹ ਕਈ ਕਲੱਬ ਖ਼ਿਤਾਬ ਜਿੱਤ ਚੁੱਕੇ ਹਨ। ਮੈਸੀ ਨੇ 33ਵੇਂ ਮਿੰਟ ਵਿਚ ਫ੍ਰੀ ਕਿੱਕ 'ਤੇ ਚਿਲੀ ਦੇ ਡਿਫੈਂਸ ਨੂੰ ਤੋੜਦੇ ਹੋਏ ਸ਼ਾਨਦਾਰ ਗੋਲ ਕੀਤਾ। ਅਰਜਨਟੀਨਾ ਨੇ ਜ਼ਖ਼ਮੀ ਸਟ੍ਰਾਈਕਰ ਏਲੇਕਸਿਸ ਸਾਂਚੇਜ ਤੋਂ ਬਿਨਾਂ ਵੀ ਚਿਲੀ 'ਤੇ ਦਬਾਅ ਬਣਾਈ ਰੱਖਿਆ। ਦੂਜੇ ਅੱਧ ਵਿਚ ਹਾਲਾਂਕਿ ਚਿਲੀ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਵੀਡੀਓ ਰਿਵਿਊ 'ਤੇ ਇਕ ਪੈਨਲਟੀ ਹਾਸਲ ਕੀਤੀ। ਆਰਟੂਰੋ ਵਿਡਾਲ ਦਾ ਸ਼ਾਟ ਗੋਲਕੀਪਰ ਨੇ ਰੋਕ ਲਿਆ ਪਰ ਏਡੁਆਰਡੋ ਵਰਗਾਸ ਦੇ ਰਿਵਰਸ ਸ਼ਾਟ 'ਤੇ ਚਿਲੀ ਨੇ 57ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਮੈਸੀ ਆਖ਼ਰ ਤਕ ਗੋਲ ਕਰਨ ਦੇ ਮੌਕੇ ਬਣਾਉਂਦੇ ਰਹੇ ਪਰ ਦੂਜੇ ਪਾਸਿਓਂ ਉਨ੍ਹਾਂ ਨੂੰ ਸਾਥ ਨਹੀਂ ਮਿਲਿਆ।