ਲਕਸ਼ੈ ਤੇ ਸਾਤਵਿਕ-ਚਿਰਾਗ ਦੀ ਜੋੜੀ ਹਾਂਗਕਾਂਗ ਓਪਨ ਦੇ ਸੈਮੀਫਾਈਨਲ ’ਚ
Friday, Sep 12, 2025 - 10:47 PM (IST)

ਹਾਂਗਕਾਂਗ, (ਭਾਸ਼ਾ)– ਭਾਰਤੀ ਸ਼ਟਲਰ ਲਕਸ਼ੈ ਸੇਨ ਤੇ ਸਾਤਵਿਕਸਾਈਰਾਜ ਰੈਂਕੀਰੈੱਡੀ-ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਆਪਣੇ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਹਾਂਗਕਾਂਗ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਸੇਨ ਨੇ ਹਮਵਤਨ ਆਯੂਸ਼ ਨੂੰ ਇਕ ਘੰਟਾ ਛੇ ਮਿੰਟ ਤੱਕ ਚੱਲੇ ਸਖਤ ਮੁਕਾਬਲੇ 'ਚ 21-16, 17-21, 21-13 ਨਾਲ ਹਰਾਇਆ। ਆਯੂਸ਼ ਨੇ ਵੀਰਵਾਰ ਨੂੰ ਵੱਡਾ ਉਲਟਫੇਰ ਕਰਦੇ ਹੋਏ 2023 ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਜਾਪਾਨ ਦੇ ਕੋਡਾਈ ਨਾਰਾਓਕਾ ਨੂੰ ਤਿੰਨ ਸੈੱਟਾਂ ਤੱਕ ਚੱਲੇ ਸਖਤ ਮੁਕਾਬਲੇ ਵਿਚ ਹਰਾਇਆ ਸੀ।
ਇਸ ਤੋਂ ਪਹਿਲਾਂ ਸਾਤਵਿਕ ਤੇ ਚਿਰਾਗ ਨੇ ਬਿਹਤਰ ਤਾਲਮੇਲ ਦਾ ਨਮੂਨਾ ਪੇਸ਼ ਕੀਤਾ ਤੇ ਇਸ 5,00,000 ਡਾਲਰ ਦੀ ਇਨਾਮੀ ਵਾਲੀ ਪ੍ਰਤੀਯੋਗਿਤਾ ਵਿਚ 64 ਮਿੰਟ ਤੱਕ ਚੱਲੇ ਮੁਕਾਬਲੇ ਵਿਚ ਹਾਰਿਫ ਜੁਨੈਦੀ ਤੇ ਰਾਏ ਕਿੰਗ ਪਾਯ ਦੀ ਜੋੜੀ ਨੂੰ 21-14, 20-22, 21-16 ਨਾਲ ਹਰਾਇਆ।