ਨੀਰਜ ਨੂੰ ਅਪ੍ਰੈਲ ਤੱਕ ਦੱਖਣੀ ਅਫਰੀਕਾ ’ਚ ਅਭਿਆਸ ਲਈ ਮਨਜ਼ੂਰੀ
Thursday, Feb 12, 2026 - 01:20 PM (IST)
ਨਵੀਂ ਦਿੱਲੀ– ਖੇਡ ਮੰਤਰਾਲੇ ਦੇ ਮਿਸ਼ਨ ਓਲੰਪਿਕ ਸੈੱਲ (ਐੱਮ. ਓ. ਸੀ.) ਨੇ ਜੈਵਲਿਨ ਥ੍ਰੋਅ ਦੇ ਸਟਾਰ ਨੀਰਜ ਚੋਪੜਾ ਦੇ ਦੱਖਣੀ ਅਫਰੀਕਾ ’ਚ ਅਭਿਆਸ ਦੀ ਮਿਆਦ ਅਪ੍ਰੈਲ ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਦਕਿ ਇਸ ਸਾਲ ਏਸ਼ੀਆਈ ਖੇਡਾਂ ਤੋਂ ਪਹਿਲਾਂ ਤਾਇਕਵਾਂਡੋ ਅਤੇ ਕਰਾਟੇ ਖਿਡਾਰੀਆਂ ਦੇ ਵਿਦੇਸ਼ ’ਚ ਖੇਡਣ ਅਤੇ ਸਿਖਲਾਈ ਨੂੰ ਵੀ ਪ੍ਰਵਾਨਗੀ ਮਿਲ ਗਈ ਹੈ।
ਐੱਮ. ਓ. ਸੀ. ਦੀ ਬੁੱਧਵਾਰ ਨੂੰ ਹੋਈ 168ਵੀਂ ਮੀਟਿੰਗ ’ਚ ਉੱਭਰ ਰਹੀ ਸਕੁਐਸ਼ ਸਟਾਰ ਅਨਾਹਤ ਸਿੰਘ ਨੂੰ ਸਟ੍ਰੈਂਥ ਅਤੇ ਕੰਡੀਸ਼ਨਿੰਗ ਕੋਚ ਦੀਆਂ ਸੇਵਾਵਾਂ ਲੈਣ ਲਈ ਆਰਥਿਕ ਸਹਾਇਤਾ ਨੂੰ ਮਨਜ਼ੂਰੀ ਵੀ ਦੇ ਦਿੱਤੀ। ਇਸ ਦੇ ਨਾਲ ਹੀ ਪੈਰਾ ਐਥਲੀਟ ਵਰੁਣ ਭਾਟੀ ਅਤੇ ਸੰਦੀਪ ਚੌਧਰੀ ਨੂੰ ਵਿਦੇਸ਼ ’ਚ ਕੈਂਪਾਂ ’ਚ ਹਿੱਸਾ ਲੈਣ ਲਈ ਵੀ ਮਨਜ਼ੂਰੀ ਮਿਲ ਗਈ ਹੈ।
ਦੋ ਵਾਰ ਦਾ ਓਲੰਪਿਕ ਤਮਗਾ ਜੇਤੂ ਨੀਰਜ ਦੱਖਣੀ ਅਫਰੀਕਾ ਦੇ ਪੋਸ਼ੇਫਸਟੂਮ ’ਚ ਜਨਵਰੀ ਤੋਂ ਅਭਿਆਸ ਕਰ ਰਿਹਾ ਹਨ। ਪਹਿਲਾਂ ਉਸ ਨੂੰ 32 ਦਿਨਾਂ ਦੇ ਕੈਂਪ ਲਈ ਮਨਜ਼ੂਰੀ ਮਿਲੀ ਸੀ। ਹੁਣ ਉਹ ਮਈ ’ਚ ਹੋਣ ਵਾਲੀ ਦੋਹਾ ਡਾਇਮੰਡ ਲੀਗ ਤੋਂ ਪਹਿਲਾਂ ਤੱਕ ਪ੍ਰਿਟੋਰੀਆ ’ਚ ਅਭਿਆਸ ਕਰੇਗਾ।
