ਕੋਹਲੀ ਜਾਂ ਬਾਬਰ : ਕਿਸ ਦਾ ਕਵਰ ਡ੍ਰਾਈਵ ਹੈ ਬੈਸਟ, ਇਆਨ ਬੈੱਲ ਨੇ ਕਹੀ ਵੱਡੀ ਗੱਲ
Thursday, May 20, 2021 - 10:56 PM (IST)
ਸਪੋਰਟਸ ਡੈਸਕ : ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਇਆਨ ਬੈੱਲ ਨੇ ਵਿਰਾਟ ਕੋਹਲੀ ਤੇ ਬਾਬਰ ਆਜ਼ਮ ਦੇ ਕਵਰ ਡ੍ਰਾਈਵ ’ਤੇ ਹੁੰਦੀਆਂ ਗੱਲਾਂ ’ਤੇ ਆਪਣੀ ਰਾਏ ਵੀ ਰੱਖੀ ਹੈ। ਕ੍ਰਿਕਟ ਫੈਨਜ਼ ਇਨ੍ਹਾਂ ਦੋਵਾਂ ਦਿੱਗਜ ਕ੍ਰਿਕਟਰਾਂ ਦੇ ਕਵਰ ਡ੍ਰਾਈਵ ਸ਼ਾਟ ਦੇ ਮੁਰੀਦ ਰਹੇ ਹਨ ਪਰ ਬੈਸਟ ਸ਼ਾਟ ਕੌਣ ਮਾਰਦਾ ਹੈ, ਇਸ ਨੂੰ ਲੈ ਕੇ ਚਰਚਾ ਹੁੰਦੀ ਰਹਿੰਦੀ ਹੈ। ਹੁਣ ਇਆਨ ਬੈੱਲ ਇਸ ’ਤੇ ਬੋਲੇ ਹਨ। ਉਨ੍ਹਾਂ ਕਿਹਾ ਕਿ ਕਵਰ ਸ਼ਾਟ ਮਾਰਨਾ ਇਕ ਕਲਾ ਹੈ। ਇਸ ’ਚ ਕੋਹਲੀ ਦਾ ਕੋਈ ਮੁਕਾਬਲਾ ਨਹੀਂ ਹੈ।
39 ਸਾਲਾ ਇਆਨ ਬੈੱਲ ਨੇ ਕਿਹਾ ਕਿ ਤਕਨੀਕ ਦੀ ਜੇ ਗੱਲ ਕੀਤੀ ਜਾਵੇ ਤਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਵਿਚ ਜ਼ਿਆਦਾ ਮਜ਼ਬੂਤ ਹਨ। ਉਹ ਹੁਣ ਸਭ ਤੋਂ ਵਧੀਆ ਫਾਰਮ ’ਚ ਹਨ। ਬਹੁਤ ਮੁਸ਼ਕਿਲ ਹੈ ਕਿ ਉਨ੍ਹਾਂ ਦੇ ਇਸ ਸ਼ਾਟ ਦੇ ਆਲੇ-ਦੁਆਲੇ ਵੀ ਕੋਈ ਮੌਜੂਦਾ ਬੱਲੇਬਾਜ਼ ਪਹੁੰਚ ਸਕੇ। ਦੱਸ ਦੇਈਏ ਕਿ ਬੈੱਲ ਨੇ ਇੰਗਲੈਂਡ ਲਈ 118 ਟੈਸਟ ਖੇਡੇ ਹਨ ਤੇ ਉਨ੍ਹਾਂ ਦੇ ਨਾਂ ’ਤੇ 7727 ਦੌੜਾਂ ਦਰਜ ਹਨ। ਇਸੇ ਤਰ੍ਹਾਂ 160 ਵਨ ਵੀ ਉਨ੍ਹਾਂ ਨੇ ਖੇਡੇ। ਬੈੱਲ ਨੇ ਕੁਲ 26 ਅੰਤਰਰਾਸ਼ਟਰੀ ਸੈਂਕੜੇ ਮਾਰੇ ਹਨ। ਉਹ ਜਦੋਂ ਤਕ ਐਕਟਿਵ ਰਹੇ, ਉਨ੍ਹਾਂ ਦੇ ਕਵਰ ਸ਼ਾਟ ਦੀ ਖੂਬ ਤਾਰੀਫ ਹੁੰਦੀ ਰਹੀ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਇੰਗਲੈਂਡ ਜਾਣ ਦੀ ਤਿਆਰੀ ’ਚ ਹੈ। ਸਾਊਥੰਪਟਨ ਦੇ ਮੈਦਾਨ ’ਚ ਟੀਮ ਇੰਡੀਆ ਦਾ 18 ਜੂਨ ਨੂੰ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਣਾ ਹੈ। ਅਜਿਹੀ ਹਾਲਤ ’ਚ ਸਾਰਿਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ ’ਤੇ ਟਿਕੀਆਂ ਹਨ। ਕੋਹਲੀ ਜੇਕਰ ਇਥੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਅੱਗੇ ਟਿਕ ਕੇ ਦੌੜਾਂ ਬਣਾਵੇ ਤਾਂ ਟੀਮ ਇੰਡੀਆ ਲਈ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਜਿੱਤਣ ਦੀ ਸੰਭਾਵਨਾ ਬਣ ਸਕਦੀ ਹੈ।