IPL 2023: RCB ਵਿਰੁੱਧ ਆਪਣੀ ਮੁਹਿੰਮ ਪਟੜੀ ’ਤੇ ਲਿਆਉਣ ਉਤਰੇਗੀ KKR
Wednesday, Apr 26, 2023 - 03:09 PM (IST)
ਬੈਂਗਲੁਰੂ (ਭਾਸ਼ਾ)– ਲਗਾਤਾਰ ਚਾਰ ਮੈਚਾਂ ’ਚ ਹਾਰ ਤੋਂ ਨਿਰਾਸ਼ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ.ਆਰ.) ਬੁੱਧਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਵਿਰੁੱਧ ਇੱਥੇ ਹੋਣ ਵਾਲੇ ਆਈ. ਪੀ. ਐੱਲ. ਮੈਚ ’ਚ ਆਪਣੀ ਮੁਹਿੰਮ ਵਾਪਸ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ। ਦੋ ਵਾਰ ਦੀ ਚੈਂਪੀਅਨ ਕੇ. ਕੇ. ਆਰ. ਨੇ ਅਜੇ ਤਕ 7 ਮੈਚਾਂ ’ਚੋਂ ਸਿਰਫ਼ ਦੋ ਵਿਚ ਜਿੱਤ ਦਰਜ ਕੀਤੀ ਹੈ ਤੇ ਉਹ 7ਵੇਂ ਸਥਾਨ ’ਤੇ ਕਾਬਜ਼ ਹੈ। ਇਸ ਨਾਲ ਉਸਦਾ ਅੱਗੇ ਦਾ ਰਸਤਾ ਮੁਸ਼ਕਿਲ ਹੋ ਗਿਆ ਹੈ। ਕੇ.ਕੇ.ਆਰ. ਨੂੰ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਸ ਨੂੰ ਨਿਯਮਤ ਕਪਤਾਨ ਸ਼੍ਰੇਅਸ ਅਈਅਰ ਅਤੇ ਆਲਰਾਊਂਡਰ ਸ਼ਾਕਿਬ ਅਲ ਹਸਨ ਦੀ ਕਮੀ ਵੀ ਮਹਿਸੂਸ ਹੋ ਰਹੀ ਹੈ। ਚੇਨਈ ਸੁਪਰ ਕਿੰਗਜ਼ ਖਿਲਾਫ ਐਤਵਾਰ ਨੂੰ ਖੇਡੇ ਗਏ ਪਿਛਲੇ ਮੈਚ 'ਚ ਕੇ.ਕੇ.ਆਰ. ਦੇ ਬੱਲੇਬਾਜ਼ਾਂ ਨੂੰ ਵੱਡੇ ਟੀਚੇ ਦੇ ਸਾਹਮਣੇ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਸੀ ਪਰ ਉਸ ਦੇ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਵੈਂਕਟੇਸ਼ ਅਈਅਰ, ਕਪਤਾਨ ਨਿਤੀਸ਼ ਰਾਣਾ ਅਤੇ ਐੱਨ. ਜਗਦੀਸ਼ਨ ਦਬਾਅ 'ਚ ਆਪਣੀਆਂ ਵਿਕਟਾਂ ਗੁਆ ਬੈਠੇ।
ਹਾਲਾਂਕਿ ਆਰ.ਸੀ.ਬੀ. ਦਾ ਪਿਛਲੇ ਮੈਚ ਵਿੱਚ ਰਾਜਸਥਾਨ ਰਾਇਲਜ਼ ਉੱਤੇ 7 ਦੌੜਾਂ ਦੀ ਜਿੱਤ ਤੋਂ ਮਨੋਬਲ ਵਧਿਆ ਹੋਵੇਗਾ ਅਤੇ ਉਹ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਫਾਫ ਡੁਪਲੇਸੀ ਦੀ ਅਗਵਾਈ ਵਾਲੀ ਆਰ.ਸੀ.ਬੀ. ਟੀਮ ਹੁਣ ਤੱਕ 7 ਵਿੱਚੋਂ 4 ਮੈਚ ਜਿੱਤ ਚੁੱਕੀ ਹੈ ਅਤੇ ਪੰਜਵੇਂ ਸਥਾਨ ’ਤੇ ਹੈ। ਉਸ ਦੀ ਟੀਮ ਦੇ ਕੁਝ ਖਿਡਾਰੀਆਂ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਡੂ ਪਲੇਸਿਸ ਇਸ ਸਮੇਂ ਵਧੀਆ ਫਾਰਮ 'ਚ ਹੈ ਅਤੇ ਉਸ ਨੇ ਵਿਰਾਟ ਕੋਹਲੀ ਅਤੇ ਗਲੇਨ ਮੈਕਸਵੈੱਲ ਨਾਲ ਫਲਦਾਇਕ ਸਾਂਝੇਦਾਰੀ ਕੀਤੀ ਹੈ। ਹਾਲਾਂਕਿ, ਆਰਸੀਬੀ ਲਈ ਇਹ ਚਿੰਤਾ ਦੀ ਗੱਲ ਹੋਵੇਗੀ ਕਿ ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ਨੇ ਆਪਣੀ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ ਜਦਕਿ ਬਾਕੀ ਬੱਲੇਬਾਜ਼ ਵੱਡਾ ਸਕੋਰ ਬਣਾਉਣ ਵਿੱਚ ਅਸਫਲ ਰਹੇ ਹਨ।