ਕੈਰੀ ਨੂੰ ਭਾਰਤ ਵਿਰੁੱਧ ਟੀ-20 ਟੀਮ ''ਚ ਜਗ੍ਹਾ ਮਿਲਣ ਦੀ ਉਮੀਦ

Wednesday, Nov 18, 2020 - 02:31 AM (IST)

ਕੈਰੀ ਨੂੰ ਭਾਰਤ ਵਿਰੁੱਧ ਟੀ-20 ਟੀਮ ''ਚ ਜਗ੍ਹਾ ਮਿਲਣ ਦੀ ਉਮੀਦ

ਮੈਲਬੋਰਨ– ਵਿਕਟਕੀਪਰ ਬੱਲੇਬਾਜ਼ ਐਲਕਸ ਕੈਰੀ ਨੇ ਮੰਗਲਵਾਰ ਨੂੰ ਕਿਹਾ ਕਿ ਹਾਲ ਹੀ ਵਿਚ ਆਈ. ਪੀ. ਐੱਲ. ਦੌਰਾਨ ਰਿਕੀ ਪੋਟਿੰਗ ਦੀ ਦੇਖ-ਰੇਖ ਵਿਚ ਖੇਡ ਦੇ 'ਛੋਟੇ ਤਕਨੀਕੀ' ਪਹਿਲੂਆਂ 'ਤੇ ਕੰਮ ਕਰਨ ਤੋਂ ਬਾਅਦ ਉਸ ਨੂੰ ਉਮੀਦ ਹੈ ਕਿ ਭਾਰਤ ਵਿਰੁੱਧ ਲੜੀ ਲਈ ਉਹ ਆਸਟਰੇਲੀਆਈ ਟੀ-20 ਟੀਮ ਵਿਚ ਆਪਣੀ ਜਗ੍ਹਾ ਫਿਰ ਤੋਂ ਬਣਾ ਲਵੇਗਾ।
ਕੈਰੀ ਯੂ. ਏ. ਈ. ਵਿਚ ਖੇਡੇ ਗਏ ਆਈ. ਪੀ. ਐੱਲ. ਵਿਚ ਦਿੱਲੀ ਕੈਪੀਟਲਸ ਦੀ ਟੀਮ ਵਿਚ ਸੀ, ਿਜਸ ਦਾ ਕੋਚ ਆਸਟਰੇਲੀਆ ਦਾ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਪੋਟਿੰਗ ਸੀ। ਕੈਰੀ ਨੇ ਕਿਹਾ, ''ਮੈਨੂੰ ਪਹਿਲੀ ਵਾਰ ਆਈ. ਪੀ. ਐੱਲ. ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਤੇ ਦਿੱਲੀ ਦੇ ਕੋਚ ਦੇ ਤੌਰ 'ਤੇ ਰਿਕੀ ਤੇ ਕੁਝ ਹੋਰ ਮੰਨੇ-ਪ੍ਰਮੰਨੇ ਚਿਹਰਿਆਂ ਦੀ ਮੌਜੂਦਗੀ ਨੇ ਇਨ੍ਹਾਂ ਦੋ ਮਹੀਨਿਆਂ ਨੂੰ ਮੇਰੇ ਲਈ ਮਨੋਰੰਜਕ ਬਣਾ ਦਿੱਤਾ।''
ਆਈ. ਪੀ. ਐੱਲ. ਦੇ ਤਜਰਬੇ ਦੇ ਬਾਰੇ ਵਿਚ ਪੁੱਛੇ ਜਾਣ'ਤੇ ਉਸ ਨੇ ਕਿਹਾ,''ਮੈਂ ਪਿਛਲੇ ਸਾਲ ਵਿਸ਼ਵ ਕੱਪ ਦੌਰਾਨ ਉਸਦੇ (ਪੋਟਿੰਗ) ਨਾਲ ਕੰਮ ਕਰਕੇ ਲੱਕੀ ਰਿਹਾ ਤੇ ਉਸ ਨਾਲ ਚੰਗਾ ਰਿਸ਼ਤਾ ਬਣਿਆ। ਉਹ ਇਕ ਅਦਭੁੱਤ ਖਿਡਾਰੀ ਸੀ ਤੇ ਸ਼ਾਨਦਾਰ ਕੋਚ ਹੈ। ਉਹ ਅਸਲ ਵਿਚ ਬਹੁਤ ਜਲਦ ਹੀ ਛੋਟੀਆਂ-ਛੋਟੀਆਂ ਖਾਮੀਆਂ ਨੂੰ ਫੜ ਲੈਂਦਾ ਹੈ।''
ਇਸ 29 ਸਾਲ ਦੇ ਖਿਡਾਰੀ ਨੂੰ ਖਰਾਬ ਫਾਰਮ ਦੇ ਕਾਰਣ ਇੰਗਲੈਂਡ ਵਿਰੁੱਧ ਸਤੰਬਰ ਵਿਚ ਟੀ-20 ਕੌਮਾਂਤਰੀ ਲੜੀ ਦੇ ਆਖਰੀ ਮੈਚ ਤੋਂ ਹਟਾ ਦਿੱਤਾ ਗਿਆ ਸੀ। ਆਈ. ਪੀ. ਐੱਲ. ਵਿਚ ਵੀ ਉਸਦਾ ਪ੍ਰਦਰਸ਼ਨ ਖਰਾਬ ਰਿਹਾ, ਜਿੱਥੇ ਉਸ ਨੇ 3 ਮੈਚਾਂ ਵਿਚ 32 ਦੌੜਾਂ ਬਣਾਈਆਂ। ਭਾਰਤੀ ਟੀਮ ਦਾ ਆਸਟਰੇਲੀਆ ਦੌਰਾ 27 ਨਵੰਬਰ ਤੋਂ ਸ਼ੁਰੂ ਹੋਵੇਗਾ ਜਦਕਿ ਇੰਨੇ ਹੀ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੁਕਾਬਲਾ 4 ਦਸੰਬਰ ਨੂੰ ਖੇਡਿਆ ਜਾਵੇਗਾ। ਕੈਰੀ ਨੇ ਕਿਹਾ, ''ਆਈ. ਪੀ. ਐੱਲ. ਵਿਚ ਉਸ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ ਪਰ ਇਸ ਨੇ ਖੇਡ ਦੇ ਤਕਨੀਕੀ ਪਹਿਲੂਆਂ 'ਤੇ ਕੰਮ ਕਰਨ ਦਾ ਮੌਕਾ ਦਿੱਤਾ। ਇਸ ਨਾਲ ਆਗਾਮੀ ਸੈਸ਼ਨ ਵਿਚ ਮੈਨੂੰ ਆਪਣੀ ਖੇਡ ਵਿਚ ਸੁਧਾਰ ਕਰਨ ਵਿਚ ਮਦਦ ਮਿਲੇਗੀ।''


author

Gurdeep Singh

Content Editor

Related News