ਚੀਨ ਅਤੇ ਜਾਪਾਨ ਨੇ ਆਲ ਇੰਗਲੈਂਡ 'ਚ ਜਿੱਤੇ ਸਿੰਗਲ ਖਿਤਾਬ
Tuesday, Mar 12, 2019 - 10:18 AM (IST)

ਬਰਮਿੰਘਮ— ਤੀਜਾ ਦਰਜਾ ਪ੍ਰਾਪਤ ਚੀਨ ਦੀ ਚੇਨ ਯੂਫੇਈ ਅਤੇ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਕੇਂਤੋ ਮੋਮੋਤਾ ਨੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ 'ਚ ਕ੍ਰਮਵਾਰ ਮਹਿਲਾ ਅਤੇ ਪੁਰਸ਼ ਵਰਗ ਦੇ ਸਿੰਗਲ ਖਿਤਾਬ ਜਿੱਤ ਲਏ।
ਯੂਫੇਈ ਨੇ ਖਿਤਾਬੀ ਮੁਕਾਬਲੇ 'ਚ ਚੋਟੀ ਦਾ ਦਰਜਾ ਪ੍ਰਾਪਤ ਤੇਈ ਜੂ ਯਿੰਗ ਨੂੰ 41 ਮਿੰਟ 'ਚ 21-17, 21-17 ਨਾਲ ਹਰਾਇਆ ਜਦਕਿ ਮੋਮੋਤਾ ਨੇ ਛੇਵਾਂ ਦਰਜਾ ਪ੍ਰਾਪਤ ਡੈਨਮਾਰਕ ਦੇ ਵਿਕਟਰ ਐਕਸੇਲਸਨ ਨੂੰ ਇਕ ਘੰਟੇ 21 ਮਿੰਟ ਦੇ ਸੰਘਰਸ਼ 'ਚ 21-11, 15-21, 21-15 ਨਾਲ ਹਰਾਇਆ। ਟੂਰਨਾਮੈਂਟ 'ਚ ਚੀਨ ਨੇ ਮਹਿਲਾ ਸਿੰਗਲ ਤੋਂ ਇਲਾਵਾ ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਦੇ ਖਿਤਾਬ ਵੀ ਜਿੱਤੇ। ਪੁਰਸ਼ ਡਬਲਜ਼ ਦਾ ਖਿਤਾਬ ਇੰਡੋਨੇਸ਼ੀਆ ਦੇ ਹਿੱਸੇ 'ਚ ਗਿਆ।