ਚੈਂਪੀਅਨ ਸ਼ੋਅਡਾਊਨ 960 ਸ਼ਤਰੰਜ: 16 ਸਾਲ ਬਾਅਦ ਹੋਇਆ ਕਾਸਪਾਰੋਵ ਤੇ ਕਾਰਲਸਨ ਵਿਚਾਲੇ ਮੁਕਾਬਲਾ
Sunday, Sep 13, 2020 - 12:55 AM (IST)

ਸੇਂਟ ਲੂਈਸ (ਯੂ. ਐੱਸ. ਏ.) - ਸੇਂਟ ਲੂਈਸ ਚੈਂਪੀਅਨ ਸ਼ੋਅ ਡਾਊਨ 960 ਟੂਰਨਾਮੈਂਟ ਦੇ ਪਹਿਲੇ 3 ਰਾਊਂਡਾਂ ਤੋਂ ਬਾਅਦ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੇ ਅਮਰੀਕਾ ਦੇ ਦੋਮਿੰਗਜੇ ਪੇਰੇਜ 2.5 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ ਹਾਲਾਂਕਿ ਪਹਿਲੇ ਦਿਨ ਦੀ ਖਿੱਚ ਦਾ ਕੇਂਦਰ 16 ਸਾਲ ਬਾਅਦ ਵਿਸ਼ਵ ਚੈਂਪੀਅਨ ਗੈਰੀ ਕਾਸਪਾਰੋਵ ਤੇ ਮੌਜੂਦਾ ਚੈਂਪੀਅਨ ਮੈਗਨਸ ਕਾਰਲਸਨ ਵਿਚਾਲੇ ਹੋਇਆ ਮੁਕਾਬਲਾ ਰਿਹਾ। ਇਸ ਤੋਂ ਪਹਿਲਾਂ 2004 ਵਿਚ ਕਾਰਲਸਨ ਤੇ ਕਾਸਪਾਰੋਵ ਵਿਚਾਲੇ ਰੇਕੇਵੇਕ ਵਿਚ ਮੁਕਾਬਲਾ ਖੇਡਿਆ ਿਗਆ ਸੀ ਤੇ ਤਦ ਕਾਰਲਸਨ ਨੇ ਡਰਾਅ ਖੇਡ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਉਸ ਸਮੇਂ ਕਾਰਲਸਨ 13 ਸਾਲ ਦਾ ਸੀ। ਖੈਰ ਰਾਊਂਡ ਵਿਚ ਹੋਇਆ ਮੁਕਾਬਲਾ ਸ਼ੁਰੂਆਤ ਤੋਂ ਹੀ ਕਾਫੀ ਰੋਮਾਂਚਕ ਰਿਹਾ ਤੇ ਇਕ ਸਮੇਂ ਹਾਥੀ ਦੇ ਐਂਡਗੇਮ ਵਿਚ ਕਾਰਲਸਨ ਬੇਹੱਦ ਮਜ਼ਬੂਤ ਸਥਿਤੀ ਵਿਚ ਨਜ਼ਰ ਆ ਰਿਹਾ ਸੀ ਪਰ ਕਾਸਪਾਰੋਵ ਨੇ ਸਮਾਂ ਰਹਿੰਦਿਆਂ ਵਾਪਸੀ ਕਰਦੇ ਹੋਏ ਮੁਕਾਬਲਾ 55 ਚਾਲਾਂ ਵਿਚ ਡਰਾਅ ਕਰਵਾ ਲਿਆ। ਜ਼ਿਕਰਯੋਗ ਹੈ ਕਿ 960 ਸ਼ਤਰੰਜ ਵਿਚ ਮੋਹਰਿਆਂ ਦੀ ਸ਼ੁਰੂਆਤੀ ਸਥਿਤੀ ਹਰ ਮੈਚ ਤੋਂ ਬਾਅਦ ਬਦਲ ਦਿੱਤੀ ਜਾਂਦੀ ਹੈ। ਮੈਗਨਸ ਕਾਰਲਸਨ ਨੇ ਪਹਿਲੇ ਰਾਊਂਡ ਵਿਚ ਮੈਕਿਸਮ ਲਾਗ੍ਰੇਵ ਨੂੰ ਤੇ ਤੀਜੇ ਰਾਊਂਡ ਵਿਚ ਅਮਰੀਕਾ ਦੇ ਫਬਿਆਨੋ ਕਰੂਆਨਾ ਨੂੰ ਹਰਾਇਆ ਤੇ ਸਾਂਝੀ ਬੜ੍ਹਤ ਹਾਸਲ ਕਰ ਲਈ ਜਦਕਿ ਅਮਰੀਕਾ ਦੇ ਦੋਮਿੰਗੇਜ ਪੇਰੇਜ ਨੇ ਹਮਵਤਨ ਹਿਕਾਰੂ ਨਾਕਾਮੁਰਾ ਨੂੰ ਹਰਾ ਕੇ ਸ਼ੁਰੂਆਤ ਕੀਤੀ ਤੇ ਫਿਰ ਵੇਸਲੀ ਸੋਅ ਨਾਲ ਡਰਾਅ ਖੇਡਿਆ ਤੇ ਫਿਡੇ ਦੇ ਅਲੀਰੇਜਾ ਫਿਰੌਜਾ ਨੂੰ ਹਰਾਇਆ।
ਪਹਿਲੇ ਦਿਨ ਹੋਏ ਤਿੰਨ ਰਾਊਂਡਾਂ ਤੋਂ ਬਾਅਦ ਹੋਰਨਾਂ ਖਿਡਾਰੀਆਂ ਵਿਚ ਅਮਰੀਕਾ ਦਾ ਵੇਸਲੀ ਸੋਅ 2 ਅੰਕ, ਅਮਰੀਕਾ ਦਾ ਹਿਕਾਰੂ ਨਾਕਾਮੁਰਾ ਤੇ ਫਬਿਆਨੋ ਕਰੂਆਨਾ, ਅਰਮੀਨੀਆ ਦਾ ਲੇਵੋਨ ਅਰੋਨੀਅਨ, ਰੂਸ ਦਾ ਪੀਟਰ ਸਿਵਡਲਰ ਤੇ ਕ੍ਰੋਏਸ਼ੀਆ ਦਾ ਗੈਰੀ ਕਾਸਪਾਰੋਵ 1.5 ਅੰਕਾਂ 'ਤੇ ਹਨ ਜਦਕਿ ਫਿਡੇ ਦਾ ਅਲੀਰੇਜਾ 0.5 ਅੰਕਾਂ ਤੇ ਅਤੇ ਫਰਾਂਸ ਦਾ ਮੈਕਿਸਮ ਲਾਗ੍ਰੋਵ ਬਿਨਾਂ ਅੰਕ ਦੇ ਖੇਡ ਰਿਹਾ ਹੈ।