ਕੋਰੀਆ ਓਪਨ ''ਚ ਕਸ਼ਯਪ ਮੁੱਖ ਦੌਰ ''ਚ, ਪ੍ਰਣਵ-ਸਿੱਕੀ ਦੀ ਜੋੜੀ ਹਾਰੀ

09/13/2017 11:47:35 AM

ਸਿਓਲ— ਭਾਰਤ ਦੇ ਮੋਹਰੀ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਯਪ ਨੇ ਕੋਰੀਆ ਓਪਨ ਦੇ ਕੁਆਲੀਫਿਕੇਸ਼ਨ ਰਾਊਂਡ 'ਚ ਖੇਡਦੇ ਹੋਏ 2 ਮੈਚਾਂ 'ਚ ਜਿੱਤ ਹਾਸਲ ਕਰਦੇ ਹੋਏ ਮੁੱਖ ਦੌਰ 'ਚ ਪ੍ਰਵੇਸ਼ ਕਰ ਲਿਆ, ਜਦਕਿ ਪ੍ਰਣਵ ਜੈਰੀ ਚੋਪੜਾ ਅਤੇ ਐੱਨ. ਸਿੱਕੀ ਰੈਡੀ ਨੂੰ ਮਿਕਸਡ ਡਬਲਜ਼ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਕਸ਼ਯਪ ਤੋਂ ਇਲਾਵਾ ਮਿਕਸਡ ਡਬਲਜ਼ 'ਚ ਅਸ਼ਵਿਨੀ ਪੋਨੱਪਾ ਅਤੇ ਸਾਤਵਿਕ ਸਾਈਰਾਜ ਰੰਕੀ ਰੈੱਡੀ ਦੀ ਜੋੜੀ ਨੇ ਵੀ ਦੋਹਾਂ ਰਾਊਂਡ 'ਚ ਜਿੱਤ ਹਾਸਲ ਕਰਦੇ ਹੋਏ ਮੁੱਖ ਡਰਾਅ 'ਚ ਜਗ੍ਹਾ ਬਣਾਈ। 

ਕਸ਼ਯਪ ਨੇ ਆਪਣੇ ਪਹਿਲੇ ਮੈਚ 'ਚ ਮੰਗਲਵਾਰ ਨੂੰ ਚੀਨੀ ਤਾਈਪੇ ਦੇ ਲਿਨ ਯੁ ਸਿਨ ਨੂੰ 35 ਮਿੰਟਾਂ 'ਚ 21-19, 21-19 ਨਾਲ ਹਰਾਇਆ। ਜਦਕਿ ਦੂਜੇ ਮੈਚ 'ਚ ਉਨ੍ਹਾਂ ਨੇ ਚੀਨੀ ਤਾਈਪੇ ਦੇ ਹੀ ਕਾਨ ਚਾਓ ਯੁ ਨੂੰ 21-19, 21-18 ਨਾਲ ਹਰਾਉਂਦੇ ਹੋਏ ਮੁੱਖ ਦੌਰ 'ਚ ਜਗ੍ਹਾ ਬਣਾਈ। ਇਹ ਮੈਚ 34 ਮਿੰਟ ਤੱਕ ਚਲਿਆ। ਮੁੱਖ ਦੌਰ 'ਚ ਕਸ਼ਯਪ ਬੁੱਧਵਾਰ ਨੂੰ ਚੀਨੀ ਤਾਈਪੇ ਦੇ ਹੀ ਸੂ ਜੇਨ ਹਾਓ ਨਾਲ ਭਿੜਨਗੇ।

ਕਸ਼ਯਪ ਤੋਂ ਇਲਾਵਾ ਸਮੀਰ ਅਤੇ ਸੌਰਵ ਵਰਮਾ, ਬੀ. ਸਾਈ ਪ੍ਰਣੀਤ, ਐੱਚ.ਐੱਸ. ਪ੍ਰਣਯ ਵੀ ਇਸ ਟੂਰਨਾਮੈਂਟ 'ਚ ਖੇਡਣਗੇ। ਜਦਕਿ ਅਸ਼ਵਿਨੀ ਅਤੇ ਸਾਤਵਿਕ ਦੀ ਜੋੜੀ ਨੇ ਪਹਿਲੇ ਮੈਚ ਜਰਮਨੀ ਦੇ ਪੀਟਰ ਕਾਏਸਬਾਯੇਰ ਅਤੇ ਓਲਗਾ ਕੋਨੋਨ ਦੀ ਜੋੜੀ ਨੂੰ 21-12, 21-15 ਨਾਲ ਕਰਾਰੀ ਹਾਰ ਦਿੱਤੀ। ਭਾਰਤੀ ਜੋੜੀ ਨੂੰ ਇਹ ਮੁਕਾਬਲਾ ਜਿੱਤਣ ਦੇ ਲਈ ਸਿਰਫ 24 ਮਿੰਟ ਲੱਗੇ।

ਦੂਜੇ ਮੈਚ 'ਚ ਅਸ਼ਵਿਨੀ ਅਤੇ ਸਾਤਵਿਕ ਦੀ ਜੋੜੀ ਨੇ ਇੰਡੋਨੇਸ਼ੀਆ ਦੇ ਰੋਨਾਲਡ ਅਤੇ ਅਨਿਸ਼ਾ ਸੌਫੀਕਾ ਦੀ ਜੋੜੀ ਨੂੰ ਸਖਤ ਮੁਕਾਬਲੇ 'ਚ 27-25, 21-17 ਨਾਲ ਹਰਾਉਂਦੇ ਹੋਏ ਮੁੱਖ ਦੌਰ 'ਚ ਪ੍ਰਵੇਸ਼ ਕੀਤਾ। ਇਹ ਮੈਚ 37 ਮਿੰਟ ਤੱਕ ਚਲਿਆ। ਪ੍ਰਣਵ ਅਤੇ ਸਿੱਕੀ ਦੀ ਜੋੜੀ ਨੂੰ ਇੰਡੋਨੇਸ਼ੀਆ ਦੀ ਪ੍ਰਵੀਣ ਜਾਰਡਨ ਅਤੇ ਡੇਬੀ ਸੁਸਾਂਟੋ ਦੀ ਜੋੜੀ ਤੋਂ 48 ਮਿੰਟ ਤੱਕ ਚਲੇ ਮੈਚ 'ਚ 21-13, 19-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Related News