ਕਰਮਨ ਨੇ ਪਹਿਲਾ ਆਈ.ਟੀ.ਐੱਫ. ਪ੍ਰੋ ਸਰਕਟ ਸਿੰਗਲ ਖਿਤਾਬ ਜਿੱਤਿਆ
Saturday, Jun 23, 2018 - 04:24 PM (IST)

ਨਵੀਂ ਦਿੱਲੀ— ਭਾਰਤ ਦੀ ਕਰਮਨ ਕੌਰ ਥੰਡੀ ਨੇ ਹਾਂਗਕਾਂਗ 'ਚ 25000 ਡਾਲਰ ਇਨਾਮੀ ਪ੍ਰਤੀਯੋਗਿਤਾ ਦੇ ਫਾਈਨਲ 'ਚ ਸਿੱਧੇ ਸੈੱਟਾਂ 'ਚ ਜੀਆ ਜਿੰਗ ਲਿਊ ਨੂੰ ਹਰਾ ਕੇ ਆਈ.ਟੀ.ਐੱਫ. ਪ੍ਰੋ ਟੈਨਿਸ ਸਰਕਟ 'ਚ ਆਪਣਾ ਪਹਿਲਾ ਸਿੰਗਲ ਖਿਤਾਬ ਜਿੱਤਿਆ ਹੈ। ਦੂਜਾ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਨੇ ਚੀਨ ਦੀ ਚੋਟੀ ਦਾ ਦਰਜਾ ਪ੍ਰਾਪਤ ਖਿਡਾਰਨ ਨੂੰ 6-1, 6-2 ਨਾਲ ਹਰਾ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ।
ਦਿੱਲੀ ਦੀ 20 ਸਾਲਾਂ ਦੀ ਕਰਮਨ ਨੇ ਆਪਣੀ ਮੁਹਿੰਮ ਦੇ ਦੌਰਾਨ ਇਕ ਵੀ ਸੈਟ ਨਹੀਂ ਗੁਆਇਆ। ਦੁਨੀਆ ਦੀ 261 ਨੰਬਰ ਦੀ ਖਿਡਾਰਨ ਕਰਮਨ ਦੀ 185ਵੇਂ ਨੰਬਰ ਦੀ ਖਿਡਾਰਨ ਜੀਆ ਜਿੰਗ ਦੇ ਖਿਲਾਫ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੀਂ ਮੁੰਬਈ 'ਚ ਵੀ ਉਨ੍ਹਾਂ ਨੇ ਜੀਆ ਜਿੰਗ ਨੂੰ ਹਰਾਇਆ ਸੀ। ਚੀਨ ਦੀ 28 ਸਾਲਾਂ ਦੀ ਖਿਡਾਰਨ ਨੇ ਆਪਣੇ ਕਰੀਅਰ 'ਚ 16 ਆਈ.ਟੀ.ਐੱਫ. ਸਿੰਗਲ ਖਿਤਾਬ ਜਿੱਤੇ ਹਨ। ਕਰਮਨ ਨੂੰ ਇਸ ਜਿੱਤ ਨਾਲ 50 ਰੈਂਕਿੰਗ ਅੰਕ ਮਿਲੇ। ਕਰਮਨ ਇਸ ਤੋਂ ਇਲਾਵਾ ਤਿੰਨ ਆਈ.ਟੀ.ਐੱਫ. ਡਬਲਜ਼ ਖਿਤਾਬ ਵੀ ਜਿੱਤ ਚੁੱਕੀ ਹੈ।