ਕੇਨ ਵਿਲੀਅਮਸਨ ਨੇ ਚੌਥੀ ਵਾਰ ਸਰ ਰਿਚਰਡਸ ਹੈਡਲੀ ਐਵਾਰਡ ਜਿੱਤਿਆ
Wednesday, Apr 14, 2021 - 06:00 PM (IST)
ਵੇਲਿੰਗਟਨ (ਯੂ. ਐੱਨ. ਆਈ.)– ਨਿਊਜ਼ੀਲੈਂਡ ਦੇ ਕਪਤਾਨ ਤੇ ਤਜਰਬੇਕਾਰ ਬੱਲੇਬਾਜ਼ ਕੇਨ ਵਿਲੀਅਮਸਨ ਨੇ ਚੌਥੀ ਵਾਰ ਸਰ ਰਿਚਰਡ ਹੈਡਲੀ ਐਵਾਰਡ ਜਿੱਤਿਆ ਹੈ ਜਦਕਿ ਨੌਜਵਾਨ ਬੱਲੇਬਾਜ਼ ਡੇਵੋਨ ਕਾਨਵੇ ਨੂੰ ਨਿਊਜ਼ੀਲੈਂਡ ਕ੍ਰਿਕਟ ਐਵਾਰਡ 2020-21 ਵਿਚ ਵਨ ਡੇ ਤੇ ਟੀ-20 ਪਲੇਅਰ ਆਫ ਦਿ ਈਯਰ ਚੁਣਿਆ ਗਿਆ ਹੈ।
ਨਿਊਜ਼ੀਲੈਂਡ ਕ੍ਰਿਕਟ ਵਲੋਂ ਮੰਗਲਵਾਰ ਨੂੰ ਐਵਾਰਡ ਜੇਤੂਆਂ ਦਾ ਐਲਾਨ ਕੀਤਾ ਗਿਆ। ਇਸ ਵਿਚ ਮਹਿਲਾ ਵਰਗ ਵਿਚ ਨੌਜਵਾਨ ਆਲਰਾਊਂਡਰ ਅਮੇਲੀਆ ਨੇ ਸੁਪਰ ਸਮੈਸ਼ ਤੇ ਟੀ-20 ਪਲੇਅਰ ਆਫ ਦਿ ਯੀਅਰ ਐਵਾਰਡ ਜਿੱਤਿਆ ਜਦਕਿ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਐਮੀ ਸੈਟਥਰਵੇਟ ਨੂੰ ਮਹਿਲਾ ਵਨ ਡੇ ਪਲੇਅਰ ਆਫ ਦਿ ਐਵਾਰਡ ਮਿਲਿਆ।
ਜ਼ਿਕਰਯੋਗ ਹੈ ਕਿ ਵਿਲੀਅਮਸਨ ਨੇ ਨਿਊਜ਼ੀਲੈਂਡ ਵਲੋਂ ਗਰਮੀਆਂ ਵਿਚ ਚਾਰ ਮੈਚਾਂ ਦੀ ਘਰੇਲੂ ਟੈਸਟ ਲੜੀ ਦੇ ਸਾਰੇ ਚਾਰ ਟੈਸਟ ਜਿੱਤਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਸ ਨੇ ਹੈਮਿਲਟਨ ਵਿਚ ਵੈਸਟਇੰਡੀਜ਼ ਵਿਰੁੱਧ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 251 ਦੌੜਾਂ ਦੀ ਪਾਰੀ ਖੇਡੀ ਸੀ ਤੇ ਇਸ ਤੋਂ ਬਾਅਦ ਕ੍ਰਾਇਸਟਚਰਚ ਵਿਚ ਪਾਕਿਸਤਾਨ ਵਿਰੁੱਧ ਇਕ ਹੋਰ ਦੋਹਰਾ ਸੈਂਕੜਾ ਲਾਇਆ ਸੀ। ਚਾਰ ਪਾਰੀਆਂ ਵਿਚ ਉਸ ਦੀਆਂ 639 ਦੌੜਾਂ ਨੇ ਹੀ ਨਿਊਜ਼ੀਲੈਂਡ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਜਗ੍ਹਾ ਤੈਅ ਕੀਤੀ ਸੀ।
ਵਿਲੀਅਮਸਨ- ਅਸੀਂ ਟੈਸਟ ਸਮਰ ਵਿਚ ਜਾ ਰਹੇ ਹਾਂ। ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਸਾਡਾ ਟੀਚਾ ਹੈ ਤੇ ਇੱਥੇ ਟੀਮ ਦਾ ਅਸਲ ਟੈਸਟ ਹੋਵੇਗਾ, ਹਾਲਾਂਕਿ ਇਹ ਇਕ ਲੰਬਾ ਰਸਤਾ ਤੈਅ ਕਰਨ ਵਰਗਾ ਹੈ। ਚਾਰ ਟੈਸਟ ਜਿੱਤਣ ਦੀ ਤੁਲਨਾ ਵਿਚ ਇਹ ਇਕ ਵੱਡਾ ਟੀਚਾ ਹੈ। ਟੀਮ ਦੇ ਲੀਡਰ ਤੇ ਖਿਡਾਰੀ ਦੇ ਰੂਪ ਵਿਚ ਵਿਅਕਤੀਗਤ ਰੂਪ ਨਾਲ ਕ੍ਰੀਜ਼ ’ਤੇ ਕੁਝ ਸਮਾਂ ਬਿਤਾਉਣਾ ਤੇ ਟੀਮ ਲਈ ਯੋਗਦਾਨ ਦੇਣਾ ਯਕੀਨਨ ਮੇਰੇ ਲਈ ਮਾਣ ਦੀ ਗੱਲ ਹੈ।’’