ਕੰਬਾਲਾ ਦੌੜਾਕ ਗੌੜਾ ਦੀ ਟ੍ਰਾਇਲ ਮਿਤੀ ਅਜੇ ਤੈਅ ਨਹੀਂ, ਤਾਲਮੇਲ ਬਿਠਾਉਣ ਲਈ ਸਮਾਂ ਲੱਗੇਗਾ

02/17/2020 2:42:35 AM

ਨਵੀਂ ਦਿੱਲੀ— ਕੰਬਾਲਾ (ਮੱਝਾਂ ਦੀ ਪ੍ਰੰਪਰਾਗਤ ਦੌੜ) ਦੌੜਾਕ ਸ਼੍ਰੀਨਿਵਾਸ ਗੌੜਾ ਦੇ ਟ੍ਰਾਇਲ ਦੀ ਅਸਲ ਮਿਤੀ ਅਜੇ ਤੈਅ ਨਹੀਂ ਕੀਤੀ ਗਈ ਹੈ। ਗੌੜਾ ਨੂੰ ਭਾਰਤੀ ਖੇਡ ਅਥਾਰਟੀ (ਸਾਈ) ਦੇ ਬੈਂਗਲੁਰੂ ਕੇਂਦਰ ਵਿਚ ਮੁਲਾਂਕਣ ਲਈ ਬੁਲਾਇਆ ਗਿਆ ਹੈ। ਸਾਈ ਦੇ ਸੂਤਰਾਂ ਨੇ ਦੱਸਿਆ ਕਿ ਗੌੜਾ ਨੂੰ ਅਸਲ ਟ੍ਰਾਇਲ ਤੋਂ ਪਹਿਲਾਂ ਤਾਲਮੇਲ ਬਿਠਾਉਣ ਦਾ ਸਮਾਂ ਦਿੱਤਾ ਜਾਵੇਗਾ। ਉਸ ਦੇ ਸੋਮਵਾਰ ਨੂੰ ਸਾਈ ਦੇ ਬੈਂਗਲੁਰੂ ਕੇਂਦਰ ਵਿਚ ਪਹੁੰਚਣ ਦੀ ਉਮੀਦ ਹੈ।  ਖੇਡ ਮੰਤਰੀ ਕਿਰੇਨ ਰਿਜਿਜੂ ਨੇ ਸ਼ਨੀਵਾਰ ਸਾਈ ਦੇ ਚੋਟੀ ਦੇ ਕੋਚਾਂ ਨੂੰ 28 ਸਾਲਾ ਕੰਬਾਲਾ ਦੌੜਾਕ ਗੌੜਾ ਦਾ ਟ੍ਰਾਇਲ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ। ਇਕ ਵੀਡੀਓ ਕਲਿੱਪ ਵਿਚ ਗੌੜਾ ਪ੍ਰੰਪਰਿਕ ਮੱਝਾਂ ਦੀ ਦੌੜ ਦੌਰਾਨ 100 ਮੀਟਰ ਦੀ ਦੂਰੀ ਸਿਰਫ 9.55 ਸੈਕੰਡ ਵਿਚ ਪੂਰੀ ਕਰਦਾ ਹੋਇਆ ਨਜ਼ਰ ਆਇਆ ਸੀ, ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਛਾ ਗਿਆ ਸੀ।
ਕਰਨਾਟਕ ਦੇ ਗੌੜਾ ਨੇ ਇਸ ਪ੍ਰਤੀਯੋਗਿਤਾ ਦੌਰਾਨ ਸਿਰਫ 13.62 ਸੈਕੰਡ ਵਿਚ 142.5 ਮੀਟਰ ਦੀ ਦੌੜ ਲਾਈ ਸੀ। ਉਸ ਨੇ ਪਹਿਲੇ 100 ਮੀਟਰ ਦੀ ਦੂਰੀ ਸਿਰਫ 9.55 ਮੀਟਰ ਵਿਚ ਤੈਅ ਕੀਤੀ ਸੀ, ਜਿਸ ਤੋਂ ਬਾਅਦ ਉਸ ਦੀ ਤੁਲਨਾ ਕਈ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਓਸੈਨ ਬੋਲਟ ਨਾਲ ਹੋਣ ਲੱਗੀ ਸੀ, ਜਿਸ ਦਾ 100 ਮੀਟਰ 'ਚ ਵਿਸ਼ਵ ਰਿਕਾਰਡ 9.58 ਸੈਕੰਡ ਦਾ ਹੈ।

 

Gurdeep Singh

Content Editor

Related News