ਜੂਨੀਅਰ ਮਹਿਲਾ ਹਾਕੀ ਏਸ਼ੀਆ ਕੱਪ : ਭਾਰਤ ਤੇ ਦੱਖਣੀ ਕੋਰੀਆ ਦਰਮਿਆਨ ਮੈਚ 2-2 ਨਾਲ ਰਿਹਾ ਡਰਾਅ

Tuesday, Jun 06, 2023 - 08:41 PM (IST)

ਕਾਕਾਮਿਗਾਹਾਰਾ– ਭਾਰਤੀ ਮਹਿਲਾ ਟੀਮ ਜੂਨੀਅਰ ਏਸ਼ੀਆ ਕੱਪ ਦੇ ਆਪਣੇ ਤੀਜੇ ਮੈਚ ’ਚ ਮੰਗਲਵਾਰ ਨੂੰ ਦੱਖਣੀ ਕੋਰੀਆ ਵਿਰੁੱਧ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ 2-2 ਨਾਲ ਡਰਾਅ ਖੇਡਣ ’ਚ ਸਫਲ ਰਹੀ। ਯੂਜਿਨ ਲੀ (15ਵੇਂ ਮਿੰਟ) ਤੇ ਜਿਓਨ ਚੋਈ (30ਵੇਂ ਮਿੰਟ) ਦੇ ਗੋਲ ਨਾਲ ਕੋਰੀਆਈ ਟੀਮ ਨੇ ਹਾਫ ਤਕ 2-0 ਦੀ ਬੜ੍ਹਤ ਬਣਾ ਲਈ ਸੀ। ਦੀਪਿਕਾ ਸੋਰੇਂਗ (43ਵੇਂ ਮਿੰਟ) ਨੇ ਮੈਚ ’ਚ ਭਾਰਤ ਦੀ ਵਾਪਸੀ ਕਰਵਾਈ ਜਦਕਿ ਦੀਪਿਕਾ (54ਵੇਂ ਮਿੰਟ) ਦੇ ਗੋਲ ਨਾਲ ਟੀਮ ਨੇ ਬਰਾਬਰੀ ਕੀਤੀ। ਇਸ ਡਰਾਅ ਨਾਲ ਭਾਰਤ ਪੂਲ-ਏ ਦੀ ਅੰਕ ਸੂਚੀ ’ਚ ਚੋਟੀ ’ਤੇ ਬਰਕਰਾਰ ਹੈ।

ਕੋਰੀਆ ਨੇ ਮੈਚ ਦੇ ਸ਼ੁਰੂਆਤੀ ਕੁਆਰਟਰ ’ਚ ਭਾਰਤ ’ਤੇ ਦਬਦਬਾ ਬਣਾਇਆ ਤੇ ਗੇਂਦ ਨੂੰ ਆਪਣੇ ਕਬਜ਼ੇ ’ਚ ਰੱਖਣ ’ਤੇ ਧਿਆਨ ਦਿੱਤਾ। ਟੀਮ ਭਾਰਤ ਦੀ ਡਿਫੈਂਡਿੰਗ ਲਾਈਨ ਨੂੰ ਲਗਾਤਾਰ ਚੁਣੌਤੀ ਦੇ ਰਹੀ ਸੀ। ਇਸ ਦੌਰਾਨ ਉਸ ਨੇ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਉਨ੍ਹਾਂ ਦਾ ਫਾਇਦਾ ਚੁੱਕਣ ’ਚ ਅਸਫਲ ਰਹੀ। ਯੂਜਿਨ ਨੇ ਡੀ ਦੇ ਅੰਦਰ ਤੋਂ ਸ਼ਾਨਦਾਰ ਮੈਦਾਨੀ ਗੋਲ ਕਰਕੇ ਕੋਰੀਆ ਨੂੰ ਬੜ੍ਹਤ ਦਿਵਾ ਦਿੱਤੀ। ਭਾਰਤ ਨੇ ਇਸ ’ਤੇ ਜਵਾਬੀ ਹਮਲਾ ਕੀਤਾ ਪਰ ਟੀਮ ਬਰਾਬਰੀ ਕਰਨ ’ਚ ਅਸਫਲ ਰਹੀ। 

ਇਹ ਵੀ ਪੜ੍ਹੋ : WTC 2023 ਫਾਈਨਲ ਤੋਂ ਪਹਿਲਾਂ ਅਭਿਆਸ ਦੌਰਾਨ ਰੋਹਿਤ ਸ਼ਰਮਾ ਦੇ ਖੱਬੇ ਅੰਗੂਠੇ 'ਤੇ ਲੱਗੀ ਸੱਟ

ਕੋਰੀਆਈ ਖਿਡਾਰੀਆਂ ਨੇ ਆਪਣੀ ਖੇਡ ਦੀ ਗਤੀ ਨੂੰ ਵਧਾਇਆ, ਜਿਸਦਾ ਫਾਇਦਾ ਉਸ ਨੂੰ ਹਾਫ ਤੋਂ ਠੀਕ ਪਹਿਲਾਂ ਪੈਨਲਟੀ ਕਾਰਨਰ ਦੇ ਰੂਪ ’ਚ ਮਿਲਿਆ। ਚੋਈ ਨੇ ਇਸ ਨੂੰ ਗੋਲ ’ਚ ਬਦਲਣ ਵਿਚ ਕੋਈ ਗਲਤੀ ਨਹੀਂ ਕੀਤੀ। ਕੋਰੀਆ ਨੇ ਤੀਜੇ ਕੁਆਰਟਰ ’ਚ ਵੀ ਇਸ ਲੈਅ ਨੂੰ ਜਾਰੀ ਰੱਖਿਆ ਤੇ ਪੈਨਲਟੀ ਕਾਰਨਰ ਹਾਸਲ ਕਰਨ ’ਚ ਸਫਲ ਰਿਹਾ।

ਭਾਰਤੀ ਗੋਲਕੀਪਰ ਅਦਿੱਤੀ ਮਹੇਸ਼ਵਰੀ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਉਸ ਨੂੰ ਹੋਰ ਬੜ੍ਹਤ ਲੈਣ ਤੋਂ ਰੋਕ ਦਿੱਤਾ। ਭਾਰਤੀ ਟੀਮ ਨੇ ਮੈਚ ’ਚ ਵਾਪਸੀ ਲਈ ਹੁਣ ਆਪਣੀ ਪੂਰੀ ਤਾਕਤ ਝੋਂਕ ਦਿੱਤੀ। ਸੋਰੇਂਗ ਨੇ ਮੈਦਾਨੀ ਗੋਲ ਕਰਕੇ ਮੈਚ ’ਚ ਟੀਮ ਦੀ ਵਾਪਸੀ ਕਰਵਾਈ। ਭਾਰਤੀ ਡਿਫੈਂਡਰਾਂ ਨੇ ਇਸ ਤੋਂ ਬਾਅਦ ਕੋਰੀਆ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ ਜਦਕਿ ਫਾਰਵਰਡਾਂ ਨੇ ਟੀਮ ਲਈ ਪੈਨਲਟੀ ਕਾਰਨਰ ਹਾਸਲ ਕੀਤਾ। ਦੀਪਿਕਾ ਨੇ ਇਸ ਨੂੰ ਗੋਲ ਵਿਚ ਬਦਲ ਕੇ ਸਕੋਰ 2-2 ਕਰ ਦਿੱਤਾ। ਭਾਰਤੀ ਟੀਮ ਪੂਲ-ਏ ’ਚ ਆਪਣਾ ਆਖਰੀ ਮੈਚ ਚੀਨੀ ਤਾਈਪੇ ਵਿਰੁੱਧ ਵੀਰਵਾਰ ਨੂੰ ਖੇਡੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਰਾਹੀਂ ਦਿਓ ਜਵਾਬ।


Tarsem Singh

Content Editor

Related News