ਜੂਨੀਅਰ ਏਸ਼ੀਆ ਕੱਪ : ਭਾਰਤ ਨੇ ਚੀਨੀ ਤਾਈਪੇ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਬਣਾਈ ਜਗ੍ਹਾ

Thursday, Jun 08, 2023 - 06:31 PM (IST)

ਕਾਕਾਮਿਗਹਾਰਾ (ਜਾਪਾਨ) : ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਆਖਰੀ ਪੂਲ ਮੈਚ 'ਚ ਚੀਨੀ ਤਾਈਪੇ ਨੂੰ 11-0 ਨਾਲ ਹਰਾ ਕੇ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਇਸ ਜਿੱਤ ਨਾਲ ਭਾਰਤ ਪੂਲ ਏ ਵਿੱਚ ਸਿਖਰ ’ਤੇ ਬਰਕਰਾਰ ਹੈ। ਭਾਰਤ ਤਿੰਨ ਜਿੱਤਾਂ ਅਤੇ ਇੱਕ ਡਰਾਅ ਨਾਲ ਟੂਰਨਾਮੈਂਟ ਵਿੱਚ ਅਜੇਤੂ ਰਿਹਾ।

ਭਾਰਤ ਲਈ ਵੈਸ਼ਨਵੀ ਵਿੱਠਲ ਫਾਲਕੇ (ਪਹਿਲਾ ਮਿੰਟ), ਦੀਪਿਕਾ (ਤੀਜਾ), ਅੰਨੂ (10ਵਾਂ ਅਤੇ 52ਵਾਂ), ਰੁਤੁਜਾ ਦਾਦੋਸਾ ਪਿਸਲ (12ਵਾਂ), ਨੀਲਮ (19ਵਾਂ), ਮੰਜੂ ਚੌਰਸੀਆ (33ਵਾਂ), ਸੁਨੇਲਿਤਾ ਟੋਪੋ (43ਵਾਂ ਅਤੇ 57ਵਾਂ), ਦੀਪਿਕਾ ਸੋਰੇਂਗ (46ਵੇਂ) ਅਤੇ ਮੁਮਤਾਜ਼ ਖਾਨ (55ਵੇਂ) ਨੇ ਗੋਲ ਕੀਤੇ। ਭਾਰਤੀਆਂ ਨੇ ਪਹਿਲੇ ਮਿੰਟ ਤੋਂ ਹੀ ਦਬਦਬਾ ਬਣਾਇਆ ਅਤੇ ਗੋਲ ਦਾਗਦੇ ਰਹੇ। ਵੈਸ਼ਨਵੀ ਨੇ ਪਹਿਲਾ ਮੈਦਾਨੀ ਗੋਲ ਕੀਤਾ ਜਿਸ ਤੋਂ ਬਾਅਦ ਦੀਪਿਕਾ ਨੇ ਪੈਨਲਟੀ ਨੂੰ ਗੋਲ ਵਿੱਚ ਬਦਲਿਆ। 

ਅੰਨੂ ਅਤੇ ਰੁਤੁਜਾ ਨੇ ਦੋ-ਦੋ ਗੋਲ ਕੀਤੇ। ਭਾਰਤ ਨੇ ਪਹਿਲੇ ਕੁਆਰਟਰ ਵਿੱਚ ਹੀ ਚਾਰ ਗੋਲਾਂ ਦੀ ਬੜ੍ਹਤ ਬਣਾ ਲਈ ਸੀ। ਨੀਲਮ ਨੇ ਦੂਜੇ ਕੁਆਰਟਰ ਵਿੱਚ ਗੋਲ ਕੀਤਾ। ਮੰਜੂ ਅਤੇ ਟੋਪੋ ਨੇ ਤੀਜੇ ਕੁਆਰਟਰ ਵਿੱਚ ਗੋਲ ਕੀਤੇ ਜਦਕਿ ਦੀਪਿਕਾ, ਅੰਨੂ, ਮੁਮਤਾਜ਼ ਅਤੇ ਟੋਪੋ ਨੇ ਆਖਰੀ ਕੁਆਰਟਰ ਵਿੱਚ ਇੱਕ-ਇੱਕ ਗੋਲ ਕੀਤਾ। ਭਾਰਤ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਜਾਪਾਨ ਜਾਂ ਕਜ਼ਾਕਿਸਤਾਨ ਨਾਲ ਭਿੜੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਰਾਹੀਂ ਦਿਓ ਜਵਾਬ।


Tarsem Singh

Content Editor

Related News