ਜੋ ਰੂਟ ਨੇ 10000 ਟੈਸਟ ਦੌੜਾਂ ਪੂਰੀਆਂ ਕਰਕੇ ਤੋੜਿਆ ਸਚਿਨ ਤੇਂਦੁਲਕਰ ਦਾ ਅਨੋਖਾ ਰਿਕਾਰਡ

06/06/2022 2:20:37 PM

ਸਪੋਰਟਸ ਡੈਸਕ- ਇੰਗਲੈਂਡ ਦੇ ਧਾਕੜ ਬੱਲੇਬਾਜ਼ ਜੋ ਰੂਟ ਨੇ ਨਿਊਜ਼ੀਲੈਂਡ ਖ਼ਿਲਾਫ਼ ਲਾਰਡਸ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਜੇਤੂ ਸੈਂਕੜਾ ਜੜ ਕੇ ਇਤਿਹਾਸ ਰਚ ਦਿੱਤਾ। ਟਿਮ ਸਾਊਦੀ ਵਲੋਂ ਕਰਾਈ ਗਈ ਦੂਜੀ ਪਾਰੀ 'ਦੇ 77ਵੇਂ ਓਵਰ ਦੀ ਤੀਜੀ ਗੇਂਦ 'ਤੇ ਰੂਟ ਨੇ ਦੌੜ ਕੇ ਦੋ ਦੌੜਾਂ ਬਣਾ ਲਈਆਂ ਤੇ ਆਪਣੇ ਟੈਸਟ ਕਰੀਅਰ ਦਾ 26ਵਾਂ ਸੈਂਕੜਾ ਜੜਿਆ ਤੇ ਇਸ ਫਾਰਮੈਟ 'ਚ 10000 ਦੌੜਾਂ ਵੀ ਪੂਰੀਆਂ ਕਰ ਲਈਆਂ। ਰੂਟ ਨੇ 170 ਗੇਂਦਾਂ 'ਚ 12 ਚੌਕਿਆਂ ਦੀ ਮਦਦ ਨਾਲ 115 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਇੰਗਲੈਂਡ ਨੇ ਇਹ ਮੁਕਾਬਲਾ 5 ਵਿਕਟਾਂ ਨਾਲ ਜਿੱਤ ਲਿਆ।

ਇਹ ਵੀ ਪੜ੍ਹੋ : IPL 2008 'ਚ ਸ਼੍ਰੀਸੰਤ ਨੂੰ ਹਰਭਜਨ ਨੇ ਮਾਰਿਆ ਸੀ ਥੱਪੜ, ਹੁਣ ਮੁਆਫ਼ੀ ਮੰਗਦੇ ਹੋਏ ਕਹੀ ਇਹ ਗੱਲ

ਰੂਟ ਟੈਸਟ ਕ੍ਰਿਕਟ 'ਚ 10000 ਦੌੜਾਂ ਬਣਾਉਣ ਵਾਲੇ ਦੁਨੀਆ ਦੇ 14ਵੇਂ ਤੇ ਇੰਗਲੈਂਡ ਦੇ ਦੂਜੇ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਇੰਗਲੈਂਡ ਦੇ ਲਈ ਇਹ ਕਾਰਨਾਮਾ ਸਿਰਫ਼ ਐਲੀਏਸਟਰ ਕੁੱਕ ਨੇ ਹੀ ਕੀਤਾ ਸੀ। ਟੈਸਟ 'ਚ ਸਭ ਤੋਂ ਘੱਟ ਉਮਰ 'ਚ 10000 ਦੌੜਾਂ ਬਣਾਉਣ ਦੇ ਮਾਮਲੇ 'ਚ ਸਾਂਝੇ ਤੌਰ 'ਤੇ ਉਹ ਪਹਿਲੇ ਸਥਾਨ 'ਤੇ ਪੁੱਜ ਗਏ ਹਨ। ਉਨ੍ਹਾਂ ਨੇ 31 ਸਾਲ 157 ਦਿਨ ਦੀ ਉਮਰ 'ਚ ਇਹ ਕਾਰਨਾਮਾ ਕੀਤਾ ਸੀ। ਇਸ ਤਰ੍ਹਾਂ ਇਸ ਮਾਮਲੇ 'ਚ ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜਿਆ ਹੈ। ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਨੇ 31 ਸਾਲ 326 ਦਿਨ ਦੀ ਉਮਰ 'ਚ 10 ਹਜ਼ਾਰ ਦੌੜਾਂ ਦਾ ਅੰਕੜਾ ਛੂਹਿਆ ਸੀ।

ਇਹ ਵੀ ਪੜ੍ਹੋ : ਵੇਲਜ਼ ਨੇ ਯੂਕ੍ਰੇਨ ਨੂੰ ਹਰਾ ਕੇ 64 ਸਾਲਾਂ ਬਾਅਦ ਵਿਸ਼ਵ ਕੱਪ 'ਚ ਬਣਾਈ ਥਾਂ

ਨਿਊਜ਼ੀਲੈਂਡ ਤੇ ਇੰਗਲੈਂਡ ਦਰਮਿਆਨ ਖੇਡੇ ਗਏ ਮੁਕਾਬਲੇ ਦੀ ਗੱਲ ਕਰੀਏ ਤਾਂ ਜੋ ਰੂਟ ਖੇਡ ਦੇ ਚੌਥੇ ਦਿਨ 77 ਦੌੜਾਂ ਤੋਂ ਅੱਗੇ ਖੇਡਦੇ ਹੋਏ 170 ਗੇਂਦਾਂ 'ਚ 12 ਚੌਕਿਆਂ ਦੀ ਮਦਦ ਨਾਲ 115 ਦੌੜਾਂ ਬਣਾ ਕੇ ਅਜੇਤੂ ਪਵੇਲੀਅਨ ਪਰਤੇ। ਬੇਨ ਫਾਕਸ 9 ਦੌੜਾਂ ਤੋਂ ਅੱਗੇ ਖੇਡਦੇ ਹੋਏ 92 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾ ਕੇ ਅਜੇਤੂ ਰਹੇ। ਇੰਗਲੈਂਡ ਨੇ ਆਪਣਾ ਪੰਜਵਾਂ ਵਿਕਟ 159 ਦੇ ਸਕੋਰ 'ਤੇ ਗੁਆਇਆ ਸੀ ਪਰ ਉਸ ਤੋਂ  ਬਾਅਦ ਰੂਟ ਤੇ ਫਾਕਸ ਨੇ ਛੇਵੇਂ ਵਿਕਟ ਦੀ ਅਜੇਤੂ ਸਾਂਝੇਦਾਰੀ 'ਚ 28.5 ਓਵਰ 'ਚ 120 ਦੌੜਾਂ ਜੋੜ ਕੇ ਟੀਮ ਨੂੰ ਯਾਦਗਾਰ ਜਿੱਤ ਦਿਵਾਈ। ਰੂਟ ਨੇ ਟਿਮ ਸਾਊਦੀ ਦੀ ਗੇਂਦ 'ਤੇ ਜੇਤੂ ਚੌਕਾ ਮਾਰਿਆ। ਨਿਊਜ਼ੀਲੈਂਡ ਦਾ ਕੋਈ ਵੀ ਬੱਲੇਬਾਜ਼ ਚੌਥੇ ਦਿਨ ਇੰਗਲੈਂਡ ਦੀ ਕੋਈ ਵਿਕਟ ਨਹੀਂ ਲੈ ਸਕਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News