ਦਵਿੰਦਰ ਝਾਝਰੀਆ, ਵੈਂਕਟੇਸ਼ ਪ੍ਰਸਾਦ ਰਾਸ਼ਟਰੀ ਖੇਡ ਪੁਰਸਕਾਰ ਚੋਣ ਕਮੇਟੀ ''ਚ ਸ਼ਾਮਲ
Wednesday, Sep 08, 2021 - 12:40 PM (IST)
ਨਵੀਂ ਦਿੱਲੀ- ਪੈਰਾਲੰਪਿਕ ਦੇ ਤਿੰਨ ਵਾਰ ਦੇ ਤਮਗ਼ਾ ਜੇਤੂ ਜੈਵਲਿਨ ਥ੍ਰੋਅਰ ਖਿਡਾਰੀ ਦਵਿੰਦਰ ਝਾਝਰੀਆ, ਸਾਬਕਾ ਕ੍ਰਿਕਟਰ ਵੈਂਕਟੇਸ਼ ਪ੍ਰਸਾਦ ਤੇ ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਲ. ਸਰਿਤਾ ਦੇਵੀ ਨੂੰ ਇਸ ਸਾਲ ਰਾਸ਼ਟਰੀ ਖੇਡ ਪੁਰਸਕਾਰਂ ਦੀ ਚੋਣ ਕਮੇਟੀ 'ਚ ਸ਼ਾਮਲ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਮੁਕੁੰਦਕਮ ਸ਼ਰਮਾ ਚੋਣ ਕਮੇਟੀ ਦੇ ਪ੍ਰਧਾਨ ਹੋਣਗੇ। ਇਸ ਕਮੇਟੀ 'ਚ ਸਾਬਕਾ ਨਿਸ਼ਾਨੇਬਾਦ਼ ਅੰਜਲੀ ਭਾਗਵਤ ਤੇ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਅੰਜੁਮ ਚੋਪੜਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਖੇਡ ਮੰਤਰਾਲਾ ਨੇ ਇਕ ਸਰਕੁਲਰ 'ਚ ਇਹ ਜਾਣਕਾਰੀ ਦਿੱਤੀ। ਝਾਝਰੀਆ ਨੇ ਹਾਲ ਹੀ 'ਚ ਖ਼ਤਮ ਹੋਈਆਂ ਟੋਕੀਓ ਪੈਰਾਲੰਪਿਕ ਖੇਡਾਂ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਜਦਕਿ ਇਸ ਤੋਂ ਪਹਿਲਾਂ ਉਹ 2004 ਤੇ 2016 'ਚ ਸੋਨ ਤਮਗ਼ੇ ਜਿੱਤ ਚੁੱਕੇ ਹਨ। ਕਮੇਟੀ ਅਗਲੇ ਕੁਝ ਦਿਨਾਂ 'ਚ ਬੈਠਕ ਕਰਕੇ ਜੇਤੂਆਂ ਦਾ ਫ਼ੈਸਲਾ ਕਰੇਗੀ। ਇਸ ਸਾਲ ਪੁਰਸਕਾਰਾਂ 'ਚ ਦੇਰੀ ਹੋਈ ਕਿਉਂਕਿ ਸਰਕਾਰ ਨੇ ਓਲੰਪਿਕ ਤੇ ਪੈਰਾਲੰਪਿਕ ਦੋਵੇਂ ਖੇਡਾਂ 'ਚ ਭਾਰਤ ਦੇ ਪ੍ਰਦਰਸ਼ਨ ਦਾ ਇੰਤਜ਼ਾਰ ਕਰਨ ਦਾ ਫ਼ੈਸਲਾ ਕੀਤਾ ਸੀ। ਭਾਰਤ ਨੇ ਓਲੰਪਿਕ 'ਚ 7 ਤਮਗ਼ੇ ਜਿੱਤੇ ਜਦਕਿ ਪੈਰਾਲੰਪਿਕ 'ਚ ਪੰਜ ਸੋਨ ਸਮੇਤ 19 ਤਮਗ਼ੇ ਹਾਸਲ ਕੀਤੇ।
ਖੇਡਾਂ ਦੇ ਖੇਤਰ ਦੇ ਸਭ ਤੋਂ ਵੱਡੇ ਸਨਮਾਨ ਨੂੰ ਇਸ ਸਾਲ ਰਾਜੀਵ ਗਾਂਧੀ ਖੇਲ ਰਤਨ ਦੀ ਜਗ੍ਹਾ ਧਿਆਨਚੰਦ ਖੇਡ ਰਤਨ ਦੇ ਨਾਂ ਨਾਲ ਜਾਣਿਆ ਜਾਵੇਗਾ। ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਵੀ ਦਿੱਤੇ ਜਾਂਦੇ ਹਨ। ਕੋਚਾਂ ਨੂੰ ਦ੍ਰੋਣਾਚਾਰਿਆ ਪੁਰਸਕਾਰ ਦਿੱਤੇ ਜਾਂਦੇ ਹਨ। ਇਸ ਸਾਲਾਨਾ ਪੁਰਸਕਾਰਾਂ ਦੇ ਦੌਰਾਨ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ, ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਵੀ ਦਿੱਤੀ ਜਾਵੇਗੀ। ਚੋਣ ਕਮੇਟੀ 'ਚ ਹਾਕੀ ਕੋਚ ਬਲਦੇਵ ਸਿੰਘ, ਭਾਰਤੀ ਖੇਡ ਅਥਾਰਿਟੀ ਦੇ ਮਹਾਨਿਰਦੇਸ਼ਕ ਸੰਦੀਪ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਵਿਜੇ ਲੋਕਾਪੱਲੀ ਤੇ ਵਿਕ੍ਰਾਂਤ ਗੁਪਤਾ ਵੀ ਸ਼ਾਮਲ ਹਨ।