ਬੁਮਰਾਹ ਆਸਟਰੇਲੀਆ ਤੇ ਨਿਊਜ਼ੀਲੈਂਡ ਦੌਰੇ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲੀ ਜਗ੍ਹਾ
Tuesday, Jan 08, 2019 - 01:06 PM (IST)

ਸਿਡਨੀ— ਬਿਹਤਰੀਨ ਫਾਰਮ 'ਚ ਚਲ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਸਟਰੇਲੀਆ ਖਿਲਾਫ ਆਗਾਮੀ ਇਕ ਰੋਜ਼ਾ ਸੀਰੀਜ਼ ਅਤੇ ਇਸ ਤੋਂ ਬਾਅਦ ਨਿਊਜ਼ੀਲੈਂਡ ਦੌਰੇ ਤੋਂ ਆਰਾਮ ਦਿੱਤਾ ਗਿਆ ਹੈ। ਬੁਮਰਾਹ ਨੇ ਆਸਟਰੇਲੀਆ ਦੇ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ 'ਚ 21 ਵਿਕਟਾਂ ਲੈ ਕੇ ਭਾਰਤ ਦੀ 2-1 ਨਾਲ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ।
ਇਸ ਖਿਡਾਰੀ ਨੂੰ ਮਿਲੀ ਟੀਮ 'ਚ ਜਗ੍ਹਾ
ਬੀ.ਸੀ.ਸੀ.ਆਈ. ਨੇ ਬਿਆਨ 'ਚ ਕਿਹਾ, ''ਗੇਂਦਬਾਜ਼ਾਂ 'ਤੇ ਕਾਰਜਭਾਰ ਨੂੰ ਧਿਆਨ 'ਚ ਰਖਦੇ ਹੋਏ ਉਨ੍ਹਾਂ ਨੂੰ ਆਸਟਰੇਲੀਆ ਖਿਲਾਫ ਘਰੇਲੂ ਸੀਰੀਜ਼ ਤੋਂ ਪਹਿਲਾਂ ਆਰਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੁਹੰਮਦ ਸਿਰਾਜ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੌਰੇ 'ਚ ਉਨ੍ਹਾਂ ਦੇ ਸਥਾਨ 'ਤੇ ਟੀਮ 'ਚ ਲਿਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਪੰਜਾਬ ਦੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੂੰ ਵੀ ਨਿਊਜ਼ੀਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸਿਰਫ 12 ਮਹੀਨਿਆਂ ਪਹਿਲੇ ਟੈਸਟ ਕ੍ਰਿਕਟ 'ਚ ਡੈਬਿਊ ਕਰਨ ਵਾਲੇ ਬੁਮਰਾਹ ਹੁਣ ਤਿੰਨੇ ਫਾਰਮੈਟ 'ਚ ਭਾਰਤ ਦੇ ਮੁੱਖ ਗੇਂਦਬਾਜ਼ ਬਣ ਗਏ ਹਨ।
ਬੁਮਰਾਹ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ ਅਤੇ ਇਸ਼ਾਂਤ ਸ਼ਰਮਾ ਦੀ ਮੌਜੂਦਗੀ ਵਾਲੇ ਹਮਲੇ ਨੂੰ ਭਾਰਤ ਦਾ ਅਜੇ ਤਕ ਦਾ ਸਰਵਸ੍ਰੇਸ਼ਠ ਤੇਜ਼ ਹਮਲਾ ਮੰਨਿਆ ਜਾ ਰਿਹਾ ਹੈ। ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਉਸ ਦੀ ਸਰਜਮੀਂ 'ਤੇ ਟੈਸਟ ਸੀਰੀਜ਼ 'ਚ ਪਹਿਲੀ ਜਿੱਤ ਦੇ ਬਾਅਦ ਤੇਜ਼ ਗੇਂਦਬਾਜ਼ਾਂ ਦੇ ਕਾਰਜਭਾਰ ਨੂੰ ਵਿਵਸਥਤ ਕਰਨ 'ਤੇ ਜ਼ੋਰ ਦਿੱਤਾ ਹੈ ਜਿਸ ਤੋਂ ਬਾਅਦ ਬੁਮਰਾਹ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ।