ਜਾਫਰ ਨੇ ਜਾਇਸਵਾਲ ਦੇ ਵਿਕਟਕੀਪਿੰਗ ਕਰਨ ’ਤੇ ਚੁੱਕੇ ਸਵਾਲ ਕਿਹਾ-ਬੱਲੇਬਾਜ਼ੀ ’ਤੇ ਧਿਆਨ ਦੇਣ ਦੀ ਲੋੜ

Sunday, Oct 11, 2026 - 11:58 AM (IST)

ਜਾਫਰ ਨੇ ਜਾਇਸਵਾਲ ਦੇ ਵਿਕਟਕੀਪਿੰਗ ਕਰਨ ’ਤੇ ਚੁੱਕੇ ਸਵਾਲ ਕਿਹਾ-ਬੱਲੇਬਾਜ਼ੀ ’ਤੇ ਧਿਆਨ ਦੇਣ ਦੀ ਲੋੜ

ਨਵੀਂ ਦਿੱਲੀ : ਭਾਰਤ ਦੇ ਸਾਬਕਾ ਓਪਨਿੰਗ ਬੱਲੇਬਾਜ਼ ਅਤੇ ਮੁੰਬਈ ਦੇ ਧਾਕੜ ਕ੍ਰਿਕਟਰ ਵਸੀਮ ਜਾਫਰ ਨੇ 24 ਸਾਲਾ ਯਸ਼ਸਵੀ ਜਾਇਸਵਾਲ ਦੇ ਵਿਕਟਕੀਪਿੰਗ ਦਾ ਅਭਿਆਸ ਕਰਨ ਦੇ ਫੈਸਲੇ ’ਤੇ ਸਵਾਲ ਚੁੱਕਦੇ ਹੋਏ ਉਸ ਨੂੰ ਆਪਣੀ ਬੱਲੇਬਾਜ਼ੀ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ ਹੈ। ਮੁੰਬਈ ਦੇ ਕਪਤਾਨ ਸਿੱਧੇਸ਼ ਲਾਡ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਜਾਇਸਵਾਲ ਬੱਲੇਬਾਜ਼ੀ ਅਤੇ ਲੈੱਗ ਸਪਿੰਨ ਤੋਂ ਇਲਾਵਾ ਵਾਧੂ ਹੁਨਰ ਦੇ ਤੌਰ ’ਤੇ ਵਿਕਟਕੀਪਿੰਗ ’ਤੇ ਵੀ ਕੰਮ ਕਰ ਰਿਹਾ ਹੈ। ਰਣਜੀ ਟਰਾਫੀ ਦੇ 2026-27 ਸੀਜ਼ਨ ਤੋਂ ਪਹਿਲਾਂ ਉਸ ਦੇ ਵਿਕਟਾਂ ਦੇ ਪਿੱਛੇ ਅਭਿਆਸ ਕਰਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

ਜਾਫਰ ਨੇ ਕਿਹਾ ਕਿ ਜੇਕਰ ਕਿਸੇ ਖਿਡਾਰੀ ਨੇ ਬਚਪਨ ਤੋਂ ਵਿਕਟਕੀਪਿੰਗ ਨਹੀਂ ਕੀਤੀ ਹੈ ਤਾਂ ਇਸ ਭੂਮਿਕਾ ਨੂੰ ਅਪਣਾਉਣਾ ਉਸ ਲਈ ਕਾਫੀ ਮੁਸ਼ਕਿਲ ਹੋ ਸਕਦਾ ਹੈ। ਉਸ ਨੇ ਇਹ ਵੀ ਸਵਾਲ ਚੁੱਕਿਆ ਕਿ ਸੀਮਤ ਓਵਰਾਂ ਦੀ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਲਈ ਜਾਇਸਵਾਲ ਨੂੰ ਵਿਕਟਕੀਪਿੰਗ ਦੀ ਲੋੜ ਕਿਉਂ ਮਹਿਸੂਸ ਹੋ ਰਹੀ ਹੈ, ਜਦਕਿ ਇਸ ਭੂਮਿਕਾ ਲਈ ਈਸ਼ਾਨ ਕਿਸ਼ਨ, ਸੰਜੂ ਸੈਮਸਨ ਅਤੇ ਰਿਸ਼ਭ ਪੰਤ ਵਰਗੇ ਬਦਲ ਮੌਜੂਦ ਹਨ।

ਜਾਫਰ ਨੇ ਕਿਹਾ, ‘‘ਜਦੋਂ ਮੈਂ ਇਹ ਸੁਣਿਆ ਤਾਂ ਮੈਨੂੰ ਖੁਦ ਹੈਰਾਨੀ ਹੋਈ। ਜੇਕਰ ਤੁਸੀਂ ਬਚਪਨ ਤੋਂ ਵਿਕਟਕੀਪਿੰਗ ਨਹੀਂ ਕੀਤੀ ਹੈ ਤਾਂ ਇਹ ਬਹੁਤ ਮੁਸ਼ਕਿਲ ਕੰਮ ਹੈ। ਇਹ ਕਾਫੀ ਥਕਾਉਣ ਵਾਲੀ ਜ਼ਿੰਮੇਵਾਰੀ ਵੀ ਹੈ। ਉਹ ਜੇਕਰ ਵਿਕਟਕੀਪਿੰਗ ਸ਼ੁਰੂ ਵੀ ਕਰ ਦਿੰਦਾ ਹੈ ਤਾਂ ਉਸ ਨੂੰ ਜਗ੍ਹਾ ਕਿੱਥੇ ਮਿਲੇਗੀ? ਕਿਸ਼ਨ, ਸੈਮਸਨ ਅਤੇ ਪੰਤ ਮੌਜੂਦ ਹਨ। ਮੈਨੂੰ ਲੱਗਦਾ ਹੈ ਕਿ ਉਹ ਵ੍ਹਾਈਟ ਬਾਲ ਦੀ ਕ੍ਰਿਕਟ ’ਚ ਜਗ੍ਹਾ ਬਣਾਉਣ ਲਈ ਅਜਿਹਾ ਕਰਨਾ ਚਾਹੁੰਦਾ ਹੈ।’’

ਰਣਜੀ ਟਰਾਫੀ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਜਾਫਰ ਦਾ ਮੰਨਣਾ ਹੈ ਕਿ ਟੈਸਟ ਕ੍ਰਿਕਟ ’ਚ ਵਿਕਟਕੀਪਿੰਗ ਕਰਨਾ ਬਹੁਤ ਚੁਣੌਤੀਪੂਰਨ ਹੈ। ਉਸ ਦੇ ਮੁਤਾਬਕ, ਇਸ ਭੂਮਿਕਾ ਲਈ ਜ਼ਰੂਰੀ ਹੁਨਰ ਨੂੰ ਘੱਟ ਸਮੇਂ ’ਚ ਵਿਕਸਿਤ ਕਰਨਾ ਆਸਾਨ ਨਹੀਂ ਹੈ। ਉਸ ਨੇ ਅਗਲੇ ਮਹੀਨੇ ਹੋਣ ਵਾਲੇ ਭਾਰਤ ਦੇ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਜਾਇਸਵਾਲ ਨੂੰ ਆਪਣੀ ਬੱਲੇਬਾਜ਼ੀ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ।

ਜਾਫਰ ਨੇ ਕਿਹਾ, ‘‘ਟੈਸਟ ਕ੍ਰਿਕਟ ’ਚ ਵਿਕਟਕੀਪਿੰਗ ਕਰਨਾ ਬਹੁਤ ਮੁਸ਼ਕਿਲ ਹੈ। ਮੈਨੂੰ ਲੱਗਦਾ ਹੈ ਕਿ ਇਹ ਕੁਝ ਹੱਦ ਤੱਕ ਮਜ਼ਾਕ ਵਰਗਾ ਹੈ, ਕਿਉਂਕਿ ਜੇਕਰ ਤੁਸੀਂ ਬਚਪਨ ਤੋਂ ਵਿਕਟਕੀਪਿੰਗ ਨਹੀਂ ਕੀਤੀ ਹੈ ਤਾਂ ਇਹ ਆਸਾਨ ਕੰਮ ਨਹੀਂ ਹੈ। ਇਹ ਅਜਿਹਾ ਹੁਨਰ ਨਹੀਂ ਹੈ, ਜਿਸ ਨੂੰ ਤੁਸੀਂ ਬਹੁਤ ਘੱਟ ਸਮੇਂ ’ਚ ਵਿਕਸਿਤ ਕਰ ਸਕੋ।’’ ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਹ ਸੀਮਤ ਓਵਰਾਂ ਦੀ ਟੀਮ ’ਚ ਜਗ੍ਹਾ ਹਾਸਲ ਕਰਨ ਲਈ ਕੁਝ ਜ਼ਿਆਦਾ ਹੀ ਜਲਦਬਾਜ਼ੀ ਕਰ ਰਿਹਾ ਹੈ। ਉਸ ਨੂੰ ਰਣਜੀ ਟਰਾਫੀ ਅਤੇ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਆਪਣੀ ਬੱਲੇਬਾਜ਼ੀ ’ਤੇ ਧਿਆਨ ਦੇਣਾ ਚਾਹੀਦਾ ਹੈ।’’

 
 


author

SATPAL

Content Editor

Related News