RCB ਤੇ ਮੁੰਬਈ ਇੰਡੀਅਨਜ਼ ਨੇ ਧਾਕੜ ਕ੍ਰਿਕਟਰਾਂ ਨੂੰ ਕੀਤਾ ਰਿਲੀਜ਼, ਪੜ੍ਹੋ ਸਾਰੀਆਂ ਟੀਮਾਂ ਦੀ LIST
Monday, Sep 28, 2026 - 06:44 PM (IST)
ਸਪੋਰਟਸ ਡੈਸਕ: WPL 2027 ਦੇ ਨਵੇਂ ਸੀਜ਼ਨ ਤੋਂ ਪਹਿਲਾਂ ਸਾਰੀਆਂ ਪੰਜ ਫ੍ਰੈਂਚਾਇਜ਼ੀਆਂ ਨੇ ਆਪਣੇ ਸਕੁਐਡ ਵਿਚ ਵੱਡੇ ਫੇਰਬਦਲ ਕਰਦਿਆਂ ਕਈ ਪ੍ਰਮੁੱਖ ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ ਹੈ। ਦੋ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਆਪਣੇ ਨਵੇਂ ਮੁੱਖ ਕੋਚ ਲੂਕ ਵਿਲੀਅਮਜ਼ ਦੀ ਨਿਯੁਕਤੀ ਤੋਂ ਬਾਅਦ ਕੁੱਲ ਛੇ ਖਿਡਾਰੀਆਂ ਨੂੰ ਟੀਮ ਤੋਂ ਰਿਲੀਜ਼ ਕੀਤਾ ਹੈ। ਇਨ੍ਹਾਂ ਵਿਚ ਉੱਭਰਦੀ ਵਿਕਟਕੀਪਰ-ਬੱਲੇਬਾਜ਼ ਜੀ. ਕਮਲਿਨੀ ਸ਼ਾਮਲ ਹੈ, ਜਿਸ ਨੇ ਹਾਲ ਹੀ ਵਿਚ ਭਾਰਤ ਲਈ ਏਸ਼ੀਆ ਕੱਪ ਅਤੇ ਏਸ਼ੀਆਈ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਲੀ ਇਲਿੰਗਵਰਥ, ਖੱਬੇ ਹੱਥ ਦੀ ਸਪਿਨਰ ਸਾਇਕਾ ਇਸਹਾਕ, ਅਤੇ ਕ੍ਰਾਂਤੀ ਰੈੱਡੀ, ਪੂਨਮ ਖੇਮਨਾਰ ਤੇ ਤ੍ਰਿਵੇਣੀ ਵਸ਼ਿਸ਼ਠ ਨੂੰ ਵੀ ਬਾਹਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਸਟ੍ਰੇਲੀਆ ਦੀ ਆਲਰਾਊਂਡਰ ਗ੍ਰੇਸ ਹੈਰਿਸ ਸਮੇਤ ਚਾਰ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਮੁੱਖ ਕੋਚ ਮਲੋਲਨ ਰੰਗਾਰਾਜਨ ਮੁਤਾਬਕ ਐਲੀਸ ਪੈਰੀ ਦੀ WPL 2027 ਲਈ ਉਪਲਬਧਤਾ ਇਸ ਦਾ ਇਕ ਕਾਰਨ ਹੋ ਸਕਦੀ ਹੈ। ਇਸ ਤੋਂ ਇਲਾਵਾ ਲਿੰਡਸੇ ਸਮਿਥ, ਦਿਆਲਨ ਹੇਮਲਤਾ ਅਤੇ ਗੌਤਮੀ ਨਾਇਕ ਨੂੰ ਵੀ ਛੱਡਿਆ ਗਿਆ ਹੈ।
ਇਸ ਤੋਂ ਇਲਾਵਾ ਦਿੱਲੀ ਕੈਪੀਟਲਜ਼ ਨੇ ਦੱਖਣੀ ਅਫਰੀਕਾ ਦੀ ਲਿਜ਼ੈਲ ਲੀ, ਆਸਟ੍ਰੇਲੀਆਈ ਸਪਿਨਰ ਅਲਾਨਾ ਕਿੰਗ, ਸਨੇਹ ਰਾਣਾ, ਤਾਨੀਆ ਭਾਟੀਆ, ਪ੍ਰਗਤੀ ਸਿੰਘ ਅਤੇ ਸ੍ਰੁਜਨਾ ਐਡਲਾ ਨੂੰ ਰਿਲੀਜ਼ ਕੀਤਾ ਹੈ। ਯੂ.ਪੀ. ਵਾਰੀਅਰਜ਼ ਨੇ ਅੰਤਰਰਾਸ਼ਟਰੀ ਸਟਾਰ ਡੀਐਂਡਰਾ ਡੋਟਿਨ, ਕਲੋਏ ਟ੍ਰਾਇਓਨ, ਐਮੀ ਜੋਨਜ਼, ਆਸ਼ਾ ਸ਼ੋਭਨਾ, ਸ਼ਵੇਤਾ ਸਹਿਰਾਵਤ ਅਤੇ ਕਿਰਨ ਨਵਗਿਰੇ ਨੂੰ ਟੀਮ ਤੋਂ ਵੱਖ ਕੀਤਾ ਹੈ। ਗੁਜਰਾਤ ਜਾਇੰਟਸ (GG) ਨੇ ਇੰਗਲੈਂਡ ਦੀ ਡੈਨੀ ਵਾਏਟ-ਹੌਜ, ਸੱਟ ਤੋਂ ਪੀੜਤ ਭਾਰਤੀ ਤੇਜ਼ ਗੇਂਦਬਾਜ਼ ਤਿਤਾਸ ਸਾਧੂ, ਆਯੁਸ਼ੀ ਸੋਨੀ ਅਤੇ ਸ਼ਿਵਾਨੀ ਸਿੰਘ ਨੂੰ ਰਿਲੀਜ਼ ਕੀਤਾ ਹੈ।
28 ਅਕਤੂਬਰ ਨੂੰ ਹੋਵੇਗੀ ਨਿਲਾਮੀ
WPL 2027 ਲਈ ਨਿਲਾਮੀ 28 ਅਕਤੂਬਰ ਨੂੰ ਕੋਚੀ ਦੇ ਗ੍ਰੈਂਡ ਹਯਾਤ ਵਿਚ ਹੋਵੇਗੀ। ਇੱਥੇ ਹਰੇਕ ਟੀਮ ਵੱਧ ਤੋਂ ਵੱਧ 18 ਖਿਡਾਰੀ ਰੱਖ ਸਕਦੀ ਹੈ। WPL ਦਾ ਪੰਜਵਾਂ ਸੀਜ਼ਨ 14 ਜਨਵਰੀ ਤੋਂ 7 ਫਰਵਰੀ 2027 ਤੱਕ ਆਯੋਜਿਤ ਕੀਤਾ ਜਾਵੇਗਾ। ਇਸੇ ਦੌਰਾਨ ਮਹਿਲਾ ਵਿਸ਼ਵ ਕੱਪ ਦੇ ਮੁਕਾਬਲੇ ਹੋਣ ਦੀ ਵੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਟੀਮਾਂ ਨੇ ਕਈ ਖਿਡਾਰਣਾਂ ਨੂੰ ਰਿਲੀਜ਼ ਕੀਤਾ ਹੈ ਤੇ ਨਿਲਾਮੀ ਵਿਚ ਨਵੀਆਂ ਖਿਡਾਰਣਾਂ ਨੂੰ ਮੌਕਾ ਦਿੱਤਾ ਜਾਵੇਗਾ।
