ਓਲੰਪਿਕ ’ਚ ਮੁਸ਼ਕਿਲ ਹਾਲਾਤ ’ਚ ਦਿਮਾਗ ਨੂੰ ਸ਼ਾਂਤ ਰੱਖਣਾ ਹੋਵੇਗਾ ਅਹਿਮ : ਨਵਨੀਤ
Saturday, Jun 12, 2021 - 02:21 PM (IST)
ਸਪੋਰਟਸ ਡੈਸਕ : ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰੀ ਨਵਨੀਤ ਕੌਰ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਕੋਲ ਦੁਨੀਆ ਦੀਆਂ ਸਰਵਸ੍ਰੇਸ਼ਠ ਖਿਡਾਰਨਾਂ ਦਾ ਮੁਕਾਬਲਾ ਕਰਨ ਦਾ ਪੂਰਾ ਹੁਨਰ ਹੈ ਪਰ ਆਗਾਮੀ ਓਲੰਪਿਕ ’ਚ ਚੰਗਾ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਨੂੰ ਮੁਸ਼ਕਿਲ ਹਾਲਾਤ ’ਚ ਸਹੀ ਫੈਸਲਾ ਲੈਣਾ ਹੋਵੇਗਾ ਤੇ ਦਿਮਾਗ ਨੂੰ ਸ਼ਾਂਤ ਰੱਖਣਾ ਹੋਵੇਗਾ। ਭਾਰਤ ਲਈ 79 ਮੈਚ ਖੇਡ ਚੁੱਕੀ ਨਵਨੀਤ ਨੇ ਕਿਹਾ ਕਿ ਟੀਮ ਨੂੰ 23 ਜੁਲਾਈ ਤੋਂ ਸ਼ੁਰੂ ਹੋ ਰਹੇ ਟੋਕੀਓ ਓਲੰਪਿਕ ਦੌਰਾਨ ਗਲਤੀਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ ਖਿਲਾਫ ਪ੍ਰਦਰਸ਼ਨ ਕਰਨ ਦਾ ਹੁਨਰ ਤੇ ਪ੍ਰਤਿਭਾ ਹੈ। ਮੈਦਾਨ ’ਤੇ ਹਾਲਾਂਕਿ ਮਹੱਤਵਪੂਰਨ ਫੈਸਲਾ ਲੈਣਾ ਕਿਸੇ ਵੀ ਟੀਮ ਲਈ ਅਹਿਮ ਹੁੰਦਾ ਹੈ, ਇਸ ਲਈ ਚੁਣੌਤੀਪੂਰਨ ਹਾਲਾਤ ’ਚ ਸ਼ਾਂਤ ਰਹਿਣਾ ਸਾਡੇ ਲਈ ਬਹੁਤ ਜ਼ਰੂੁਰੀ ਹੋਵੇਗਾ। ਇਸ 25 ਸਾਲ ਦੀ ਖਿਡਾਰਨ ਨੇ ਕਿਹਾ ਕਿ ਇਥੋਂ ਤਕ ਕਿ ਇਕ ਗਲਤ ਪਾਸ ਨਾਲ ਵੀ ਸਾਡੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਇਸ ਲਈ ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਅਸੀਂ ਆਪਣੀ ਸੋਚ ਨੂੰ ਸਪੱਸ਼ਟ ਰੱਖੀਏ ਤੇ ਓਲੰਪਿਕ ਦੌਰਾਨ ਮੈਦਾਨ ’ਤੇ ਅਸਹਿਜ ਗਲਤੀਆਂ ਨਾ ਕਰੀਏ। ਮੈਚ ਵਾਲੇ ਦਿਨ ਖਿਡਾਰਨਾਂ ’ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਕੋਚ ਤੇ ਕਪਤਾਨ ਇਹ ਯਕੀਨੀ ਕਰਦੇ ਰਹੇ ਹਨ। ਹਰ ਕੋਈ ਆਪਣੀ ਭੂਮਿਕਾ ਬਾਰੇ ਜਾਣਦਾ ਹੈ।
ਖਿਡਾਰੀਆਂ ਨੂੰ ਇਹ ਪਤਾ ਰਹਿੰਦਾ ਹੈ ਕਿ ਉਹ ਆਪਣੀਆਂ ਯੋਜਨਾਵਾਂ ਨੂੰ ਕਿਵੇਂ ਅੰਜਾਮ ਦੇ ਸਕਦੇ ਹਨ ਤਾਂ ਕਿ ਸਾਨੂੰ ਮੈਚਾਂ ਦੌਰਾਨ ਮੈਦਾਨ ’ਤੇ ਚੰਗਾ ਤਾਲਮੇਲ ਬਿਠਾਉਣ ’ਚ ਮਦਦ ਮਿਲੇ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਸਮਰੱਥਾਵਾਂ ਨੂੰ ਲੈ ਕੇ ਬਹੁਤ ਆਸਵੰਦ ਹਾਂ ਤੇ ਇਹ ਮੈਚ ਦੇ ਦਿਨ ਆਪਣੀਆਂ ਯੋਜਨਾਵਾਂ ਨੂੰ ਠੀਕ ਢੰਗ ਨਾਲ ਮੈਦਾਨ ’ਤੇ ਉਤਾਰਨ ਬਾਰੇ ਹੈ। ਜੇ ਅਸੀਂ ਆਪਣੀਆਂ ਸਮਰੱਥਾਵਾਂ ਅਨੁਸਾਰ ਖੇਡਦੇ ਹਾਂ ਤਾਂ ਨਿਸ਼ਚਿਤ ਤੌਰ ’ਤੇ ਟੋਕੀਓ ’ਚ ਚੰਗਾ ਪ੍ਰਦਰਸ਼ਨ ਕਰਾਂਗੇ।