PSL ’ਚ ਦੌੜਾਂ ਦੇ ਰਿਕਾਰਡ ਵਿਚਾਲੇ ਇਸਲਾਮਾਬਾਦ ਨੇ ਪੇਸ਼ਾਵਰ ਨੂੰ ਹਰਾਇਆ
Friday, Jun 18, 2021 - 06:58 PM (IST)
ਆਬੂਧਾਬੀ— ਇਸਲਾਮਾਬਾਦ ਯੂਨਾਈਟਿਡ ਨੇ ਪਾਕਿਸਤਾਨ ਸੁਪਰ ਲੀਗ (ਪੀ. ਐਸ. ਐਲ.) ’ਚ ਦੌੜਾਂ ਦੇ ਰਿਕਾਰਡ ਵਾਲੇ ਮੈਚ ’ਚ ਪੇਸ਼ਾਵਰ ਜਾਲਮੀ ਨੂੰ 15 ਦੌੜਾਂ ਨਾਲ ਹਰਾ ਦਿੱਤਾ। ਇਸਲਾਮਾਬਾਦ ਦੇ ਕਾਰਜਵਾਹਕ ਕਪਤਾਨ ਉਸਮਾਨ ਖਵਾਜ਼ਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 56 ਗੇਂਦ ’ਚ ਅਜੇਤੂ 105 ਦੌੜਾਂ ਬਣਾਈਆਂ ਸਨ ਜਿਸ ਦੀ ਮਦਦ ਨਾਲ ਟੀਮ ਨੇ ਦੋ ਵਿਕਟਾਂ ’ਤੇ 247 ਦੌੜਾਂ ਬਣਾਈਆਂ।
ਪੇਸ਼ਾਵਰ ਇਸ ਮੁਸ਼ਕਲ ਟੀਚੇ ਦੇ ਨੇੜੇਤੇੜੇ ਪਹੁੰਚ ਗਿਆ ਸੀ ਪਰ 6 ਵਿਕਟਾਂ ’ਤੇ 232 ਦੌੜਾਂ ਹੀ ਬਣਾ ਸਕਿਆ। ਸ਼ੋਏਬ ਮਲਿਕ ਨੇ 68 ਤੇ ਕਾਮਰਾਨ ਅਕਮਲ ਨੇ 53 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਇਸਲਾਮਾਬਾਦ ਦੇ ਨਾਂ ਸੀ ਜਿਸ ਨੇ 2019 ’ਚ ਲਾਹੌਰ ਕਲੰਦਰਸ ਖ਼ਿਲਾਫ਼ ਤਿੰਨ ਵਿਕਟ ’ਤੇ 238 ਦੌੜਾਂ ਬਣਾਈਆਂ ਸਨ। ਜਦਕਿ ਕਰਾਚੀ ਕਿੰਗਜ਼ ਨੇ ਲਾਹੌਰ ਕਲੰਦਰਸ ਨੂੰ 7 ਦੌੜਾਂ ਨਾਲ ਹਰਾ ਕੇ ਪਲੇਆਫ਼ ’ਚ ਦਾਖ਼ਲ ਹੋਣ ਦੀਆਂ ਉਮੀਦਾਂ ਕਾਇਮ ਰੱਖੀਆਂ।
ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜ ਵਿਕਟਾਂ ’ਤੇ 176 ਦੌੜਾਂ ਬਣਾਈਆਂ ਜਿਸ ’ਚ ਬਾਬਰ ਆਜ਼ਮ ਨੇ 54 ਤੇ ਮਾਰਟਿਨ ਗੁਪਟਿਲ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਕਲੰਦਰਸ ਦੀ ਟੀਮ 7 ਦੌੜਾਂ ਤੋਂ ਖੁੰਝੀ ਗਈ। ਕਿੰਗਜ਼ ਲਈ ਅਫਗਾਨਿਸਤਾਨ ਦੇ 16 ਸਾਲਾ ਸਪਿਨਰ ਨੂਰ ਅਹਿਮਦ ਨੇ ਚਾਰ ਓਵਰ ’ਚ 19 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।